ਡਰਾਇਵਰਾਂ ਨੂੰ ਸੜਕ ਸੁਰੱਖਿਆ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਗਰੂਕ ਕੀਤਾ

ਐਸ.ਏ.ਐਸ. ਨਗਰ, 31 ਅਗਸਤ (ਸ.ਬ.) ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲੀਸ ਮੁਹਾਲੀ ਵਲੋਂ ਸਾਂਝੇ ਤੌਰ ਤੇ ਲਾਂਡਰਾਂ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਰਾਇਵਰਾਂ ਨੂੰ ਸੜਕ ਸੁਰੱਖਿਆ ਅਤੇ ਸੇਫ ਸਕੂਲ ਵਾਹਨ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ| ਜਿਸ ਵਿਚ ਆਰ.ਟੀ.ਏ. ਸੁਖਵਿੰਦਰ ਕੁਮਾਰ, ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਓਰਾ ਅਤੇ ਟ੍ਰੈਫਿਕ ਵਿੰਗ ਮੁਹਾਲੀ ਵਲੋਂ ਸ੍ਰੀ ਜਨਕਰਾਜ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ|
ਇਸ ਮੌਕੇ ਡਰਾਇਵਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਾਹਨ ਚਲਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ| ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸੜਕਾਂ ਤੇ ਹਾਦਸੇ ਵਾਪਰਦੇ ਹਨ, ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ| ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ| ਉਨ੍ਹਾਂ ਇਸ ਮੌਕੇ ਸੇਫ ਸਕੂਲ ਵਾਹਨ ਸਬੰਧੀ ਡਰਾਇਵਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਸਕੂਲਾਂ ਵਿਚ ਲਿਆਉਣ ਅਤੇ ਘਰਾਂ ਤੱਕ ਛੱਡਣ ਵੇਲੇ ਸੇਫ ਸਕੂਲ ਵਾਹਨ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ|
ਇਸ ਮੌਕੇ ਮੋਟਰ ਵਹੀਕਲ ਇੰਸਪੈਕਟਰ ਸ੍ਰੀ ਰਣਪ੍ਰੀਤ ਸਿੰਘ ਭਿਓਰਾ ਨੇ ਕਿਹਾ ਕਿ ਡਰਾਇਵਰਾਂ ਨੂੰ ਆਪਣੀਆਂ ਗੱਡੀਆਂ ਦੀ ਸਮੇ-ਸਮੇਂ ਤੇ ਜਾਂਚ-ਪੜਤਾਲ ਕਰਵਾਉਣੀ ਜ਼ਰੂਰੀ ਹੈ ਅਤੇ ਗੱਡੀਆਂ ਦੇ ਕਾਗਜ਼ਾਤ ਜਿਸ ਵਿਚ ਬੀਮਾ ਆਦਿ ਸ਼ਾਮਿਲ ਹਨ ਵੀ ਸਮੇਂ ਸਿਰ ਕਰਵਾਉਣੇ ਚਾਹੀਦੇ ਹਨ ਅਤੇ ਗੱਡੀਆਂ ਦੇ ਪ੍ਰਦੂਸ਼ਣ ਦੀ ਜਾਂਚ ਵੀ ਸਮੇਂ-ਸਮੇਂ ਤੇ ਕਰਵਾਉਣਾ ਲਾਜ਼ਮੀ ਹੈ| ਉਨ੍ਹਾਂ ਦੱਸਿਆ ਕਿ ਅੱਜ ਲਾਂਡਰਾਂ ਵਿਖੇ ਗੱਡੀਆਂ ਲਈ ਮੁਫਤ ਪ੍ਰਦੂਸ਼ਨ ਜਾਂਚ ਕੈਪ ਲਗਵਾਇਆ ਗਿਆ ਅਤੇ ਮੌਕੇ ਤੇ ਹੀ ਸਰਟੀਫਿਕੇਟ ਮੁਹੱਈਆ ਕੀਤੇ ਗਏ| ਇਸ ਮੌਕੇ ਟ੍ਰੈਫਿਕ ਪੁਲੀਸ ਮੁਹਾਲੀ ਵਿੰਗ ਵਲੋਂ ਸ੍ਰੀ ਜਨਕਰਾਜ ਨੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਲਾਇਟਾਂ ਸਬੰਧੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *