ਡਲਾਸ ਵਿੱਚ ਇੱਕ ਵਿਅਕਤੀ ਨੇ ਪਹਿਲਾਂ ਮਹਿਲਾ ਅਧਿਕਾਰੀ ਨੂੰ ਮਾਰੀ ਗੋਲੀ ਅਤੇ ਫਿਰ ਖ਼ੁਦ ਨੂੰ ਉਡਾਇਆ

ਹਿਊਸਟਨ, 25 ਅਪ੍ਰੈਲ (ਸ.ਬ.) ਡਲਾਸ ਸ਼ਹਿਰ ਦੇ ਉੱਤਰੀ ਇਲਾਕੇ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਆਪਣੀ ਮਾਲਕਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਦੀ ਜਾਨ ਲੈ ਲਈ| ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇੱਕ ਬਹੁ ਮੰਜ਼ਿਲਾ ਇਮਾਰਤ ਵਿੱਚ ਵਾਪਰੀ, ਜਿੱਥੇ ਗੋਲੀਬਾਰੀ ਤੋਂ ਬਾਅਦ ਹਫੜਾ-ਦਫੜੀ ਮਚ ਗਈ| ਐਲ. ਬੀ. ਜੇ ਫਰੀਵੇਅ ਦੇ 8300 ਬਲਾਕ ਵਿੱਚ ਇੱਕ ਦਫ਼ਤਰੀ ਇਮਾਰਤ ਵਿੱਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੀ ਤਾਂ ਉਨ੍ਹਾਂ ਨੂੰ ਮੀਟਿੰਗ ਵਾਲੇ ਕਮਰੇ ਵਿੱਚ ਬੰਦੂਕਧਾਰੀ ਬਾਰੇ ਸ਼ੱਕ ਹੋਇਆ| ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਟਗੰਨ ਨਾਲ ਗੋਲੀਬਾਰੀ ਕਰਕੇ ਦਰਵਾਜ਼ਾ ਤੋੜ ਦਿੱਤਾ| ਇਸ ਮੀਟਿੰਗ ਰੂਮ ਵਿੱਚ ਇੱਕ ਵਿਅਕਤੀ ਅਤੇ ਔਰਤ ਮ੍ਰਿਤਕ ਹਾਲਤ ਵਿੱਚ ਮਿਲੇ| ਲੱਗਦਾ ਸੀ ਕਿ ਉਸ ਵਿਅਕਤੀ ਨੇ ਪਹਿਲਾਂ ਗੋਲੀ ਮਾਰ ਕੇ ਔਰਤ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਦਿੱਤੀ| ਉਨ੍ਹਾਂ ਦੱਸਿਆ ਕਿ ਉਹ ਔਰਤ ਉਸ ਬੰਦੂਕਧਾਰੀ ਦੀ ਸੁਪਰਵਾਈਜ਼ਰ ਸੀ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਦਫ਼ਤਰੀ ਇਮਾਰਤ ਵਿੱਚ ਐਸ. ਡਬਲਯੂ. ਯੂ. ਏ. ਟੀ. (ਸਵੈਟ) ਟੀਮ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਪਹੁੰਚੇ| ਸਹਾਇਕ ਪੁਲੀਸ ਮੁਖੀ ਰੈਂਡੀ ਬਲੈਂਕੇਨਬਾਕਰ ਨੇ ਦੱਸਿਆ ਕਿ ਦੋਹਾਂ ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋਈ ਹੈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *