ਡਾ. ਆਦਰਸ਼ਪਾਲ ਕੌਰ ਨੇ ਮੁਹਾਲੀ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨਾ ਮੇਰਾ ਮੁੱਖ ਟੀਚਾ : ਸਿਵਲ ਸਰਜਨ


ਐਸ ਏ ਐਸ ਨਗਰ, 1 ਜਨਵਰੀ (ਸ.ਬ.) ਡਾ. ਆਦਰਸ਼ਪਾਲ ਕੌਰ ਨੇ ਅੱਜ ਜਿਲ੍ਹਾ ਐਸ.ਏ.ਐਸ. ਨਗਰ ਦੇ ਨਵੇਂ ਸਿਵਲ ਸਰਜਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸਿਵਲ ਸਰਜਨ ਦਫ਼ਤਰ ਦੇ ਸਮੁੱਚੇ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਆਦਰਸ਼ਪਾਲ ਕੌਰ ਇਸ ਤੋਂ ਪਹਿਲਾਂ ਈ. ਐਸ. ਆਈ. ਹਸਪਤਾਲ ਮੁਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਤਰੱਕੀ ਮਿਲੀ ਹੈ। ਡਾ. ਆਦਰਸ਼ਪਾਲ ਕੌਰ ਇਸਤੋਂ ਪਹਿਲਾਂ ਜ਼ਿਲ੍ਹੇ ਵਿਚ ਵੱਖ-ਵੱਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਇਸ ਮੌਕੇ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਉਹ ਜ਼ਿਲ੍ਹੇ ਵਿਚ ਵੱਖ-ਵੱਖ ਕੌਮੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਬਿਹਤਰ ਤਰੀਕੇ ਨਾਲ ਲਾਗੂ ਕਰਨ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ, ਸਿਵਲ ਸਰਜਨ ਦੇ ਨਿਜੀ ਸਹਾਇਕ ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਲਬਾਗ਼ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *