ਡਾ. ਕਾਵੂਰ ਦੇ ਜਨਮ ਦਿਵਸ ਮੌਕੇ ਨਵੀਂ ਤਰਕਸ਼ੀਲ ਟੀਮ ਦੀ ਚੋਣ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਲੋਕਾਂ ਵਿੱਚ ਗਿਆਨ-ਵਿਗਿਆਨ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਦਾ ਆਮ ਇਜਲਾਸ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਭਾਰਤ ‘ਚ ਤਰਕਸ਼ੀਲ ਲਹਿਰ ਦੇ ਬਾਨੀ ਡਾ. ਇਬਰਾਹਿਮ ਟੀ. ਕਾਵੂਰ ਦੇ ਜਨਮ ਦਿਵਸ ਮੌਕੇ ਹੋਇਆ| ਇਸ ਮੌਕੇ ਅਗਲੇ ਦੋ ਸਾਲਾਂ ਲਈ ਟ੍ਰਾਸਿਟੀ ‘ਚ ਵਿਗਿਆਨਿਕ ਸੋਚ ਦੇ ਪ੍ਰਚਾਰ-ਪ੍ਰਸਾਰ ਹਿੱਤ ਨਵੀਂ ਟੀਮ ਚੁਣੀ ਗਈ| ਨਵੀਂ ਚੁਣੀ ਟੀਮ ਵਿੱਚ ਲੈਕਚਰਾਰ ਸੁਰਜੀਤ ਸਿੰਘ ਨੂੰ ਜਥੇਬੰਦਕ ਮੁਖੀ, ਮਾਸਟਰ ਜਰਨੈਲ ਕ੍ਰਾਂਤੀ ਨੂੰ ਵਿੱਤ ਮੁਖੀ, ਚਰਨਜੀਤ ਕੌਰ ਨੂੰ ਮੀਡੀਆ ਇੰਚਾਰਜ, ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਨੂੰ ਸੱਭਿਆਚਾਰਿਕ ਵਿਭਾਗ ਮੁਖੀ ਅਤੇ ਅਰਵਿੰਦਰ ਕੌਰ ਨੂੰ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦਾ ਮੁਖੀ ਲਗਾਇਆ ਗਿਆ| ਇਹ ਕਾਰਵਾਈ ਜ਼ੋਨ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਦੀ ਦੇਖ ਰੇਖ ਅਧੀਨ ਹੋਈ ਜੋ ਸੂਬਾ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਅਬਜ਼ਰਬਰ ਨਿਯੁਕਤ ਕੀਤੇ ਗਏ ਸਨ| ਇਸ ਮੌਕੇ ਗੱਲਬਾਤ ਦੌਰਾਨ ਨਵੇਂ ਚੁਣੇ ਗਏ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਤੇ ਵਿੱਤ ਮੁਖੀ ਮਾਸਟਰ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਭਾਰਤ ਵਿੱਚ ਤਰਕਸ਼ੀਲ ਲਹਿਰ ਦਾ ਮੁੱਢ ਡਾ. ਇਬਰਾਹਿਮ ਟੀ ਕਾਵੂਰ ਨੇ ਬੰਨ੍ਹਿਆ ਸੀ ਜੋ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਸਨ| ਉਹਨਾਂ ਦੇ ਜਨਮ ਦਿਵਸ (10 ਅਪ੍ਰੈਲ, 1898) ਮੌਕੇ ਇਕਾਈ ਮੁਹਾਲੀ ਵੱਲੋਂ ਨਵੀਂ ਟੀਮ ਚੁਣੀ ਗਈ ਹੈ|ਤਰਕਸ਼ੀਲ ਸੁਸਾਇਟੀ ਦੇ ਦੋ-ਮਾਸਕ ਮੈਗਜ਼ੀਨ ‘ਤਰਕਸ਼ੀਲ’ ਨੂੰ ਵੱਧ ਤੋ ਵੱਧ ਲੋਕਾਂ ਦੇ ਹੱਥਾਂ ਤਕ ਪਹੁੰਚਾਉਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ| ਲੋਕਾਂ ਨੂੰ ਭੂਤਾਂ-ਪ੍ਰੇਤਾਂ ਦੇ ਨਾਂ ਤੇ ਲੁੱਟੇ ਜਾਣ ਤੋਂ ਬਚਾਉਣ ਲਈ ਲਾਇਬ੍ਰੇਰੀ ਦੀ ਪਹਿਲੀ ਮੰਜ਼ਿਲ ਤੇ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦੀ ਵੀ ਸਥਾਪਨਾ ਕੀਤੀ ਗਈ ਹੈ|

Leave a Reply

Your email address will not be published. Required fields are marked *