ਡਾ. ਮਨਮੋਹਨ ਸਿੰਘ ਜਾਰੀ ਕਰਨਗੇ ਪੰਜਾਬ ਕਾਂਗਰਸ ਦਾ ਚੋਣ ਮਨੋਰਥ ਪੱਤਰ ਆਸ਼ਾ ਕੁਮਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 29 ਦਸੰਬਰ (ਸ.ਬ.) ਭਾਰਤ  ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਦੇ ਮਸ਼ਹੂਰ ਅਰਥਸ਼ਾਸ਼ਤਰੀ  ਡਾ. ਮਨਮੋਹਨ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਦਾ ਚੋਣ ਮਨਰੋਥ ਪੱਤਰ ਛੇਤੀ ਹੀ ਰਿਲੀਜ ਕੀਤਾ ਜਾਵੇਗਾ| ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਅੱਜ ਇਸ ਸੰਬੰਧੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣ ਮਨੋਰਥ ਪੱਤਰ ਜਾਰੀ ਕਰਨ ਸੰਬੰਧੀ ਡਾ. ਮਨਮੋਹਨ ਸਿੰਘ ਵਲੋਂ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਮਿਤੀ ਦਾ ਫੈਸਲਾ ਛੇਤੀ ਹੀ ਹੋ ਜਾਵੇਗਾ ਉਹਨਾਂ ਦੱਸਿਆ ਕਿ ਅੱਜ ਡਾ. ਮਨਮੋਹਨ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਚੋਣ ਮਨਰੋਥ ਪੱਤਰ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਹੈ| ਇਸ ਦੌਰਾਨ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਨੇ ਮੈਨਿਫੈਸਟੋ ਦੇ ਮੁੱਖ ਪੁਆਇੰਟਾਂ ਤੇ ਡਾ. ਸਿੰਘ ਨਾਲ ਚਰਚਾ ਕੀਤੀ, ਜਿਸਨੂੰ ਹੁਣ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਨਿਫੈਸਟੋ ਕਮੇਟੀ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ|
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ, ਆਸ਼ਾ ਕੁਮਾਰੀ ਨੇ ਕਿਹਾ ਕਿ ਪਾਰਟੀ ਨੇ ਮੈਨਿਫੈਸਟੋ ਜ਼ਾਰੀ ਕਰਨ ਤੋਂ ਪਹਿਲਾਂ ਆਰਥਿਕ ਵਿਸ਼ਿਆਂ ਤੇ ਡਾ. ਸਿੰਘ ਦੀ ਮਾਹਿਰਤਾ ਦੇ ਮੱਦੇਨਜ਼ਰ ਉਸਦੇ ਡਰਾਫਟ ਉਪਰ ਉਨ੍ਹਾਂ ਦੇ ਵਿਚਾਰ ਜਾਣਨ ਦਾ ਫੈਸਲਾ ਕੀਤਾ ਹੈ|
ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਵਿਸ਼ੇ ਦੀ ਬਾਰੀਕੀਆਂ ਨੂੰ ਸਮਝੇ ਬਗੈਰ ਹੜਬੜੀ ਵਿੱਚ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦੀ ਅਤੇ ਮੈਨਿਫੈਸਟੋ ਦੇ ਪੰਜਾਬ ਦੇ ਲੋਕਾਂ ਤੇ ਪ੍ਰਭਾਵ ਦੇ ਮੱਦੇਨਜ਼ਰ, ਉਸਨੂੰ ਫਾਈਨਲ ਕਰਨ ਦੀ ਪ੍ਰੀਕ੍ਰਿਆ ਵਿੱਚ ਡਾ. ਸਿੰਘ ਦੀ ਸ਼ਮੂਲੀਅਤ ਦਾ ਮਹੱਤਵ ਸਮਝਦੀ ਹੈ|
ਇਸ ਦੌਰਾਨ, ਉਨ੍ਹਾਂ ਨੇ ਕਾਂਗਰਸ ਦੀ ਕਾਰਜਪ੍ਰਣਾਲੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਤਰੀਕੇ ਨਾਲ ਤੁਲਨਾ ਕੀਤੀ, ਜਿਨ੍ਹਾਂ ਨੇ             ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ ਨੋਟਬੰਦੀ ਤੇ ਕਿਨ੍ਹਾਂ ਨਾਲ ਚਰਚਾ ਕੀਤੀ ਸੀ|
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਦਿਆਂ ਵਿਆਪਕ ਦਸਤਾਵੇਜ- ਮੈਨਿਫੈਸਟੋ ਤੇ ਡਾ. ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਰੱਖੇ| ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੀਆਂ ਗੈਰ ਸੰਗਠਿਤ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਰਬਾਦੀ ਵਿੱਚ ਧਕੇਲ ਦਿੱਤਾ ਹੈ| ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਮੈਨਿਫੈਸਟੋ ਨੂੰ ਸੂਬੇ ਨੂੰ ਵਿਕਾਸ ਤੇ ਤਰੱਕੀ ਦੀ ਪੱਟੜੀ ਤੇ ਮੁੜ ਲਿਆਉਣ ਦੇ ਟੀਚੇ ਹੇਠ ਤਿਆਰ ਕੀਤਾ ਗਿਆ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਨਿਫੈਸਟੋ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਮਜ਼ਬੂਤ ਆਕਾਰ ਦੇਣ ਤੇ ਅਧਾਰਿਤ ਹੈ, ਜਿਨ੍ਹਾਂ ਨੂੰ ਅਸਲਿਅਤ ਦਾ ਰੂਪ            ਦੇਣ ਲਈ ਉਹ ਪੂਰੀ ਤਰ੍ਹਾਂ ਤੱਤਪਰ ਹਨ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਮੈਨਿਫੈਸਟੋ ਨੂੰ ਨਵੀਂ ਦਿੱਲੀ ਵਿੱਚ ਡਾ. ਸਿੰਘ ਵੱਲੋਂ ਰਿਲੀਜ਼ ਕੀਤੇ ਜਾਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਵੀ ਜ਼ਾਰੀ ਕੀਤਾ             ਜਾਵੇਗਾ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਇਹ ਸੂਬੇ ਭਰ ਵਿੱਚ ਫੈਲ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ|

Leave a Reply

Your email address will not be published. Required fields are marked *