ਡਾ. ਮਨਮੋਹਨ ਸਿੰਘ ਵਲੋਂ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਜਾਰੀ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਕਰਜ਼ਾ ਮੁਆਫੀ, 90 ਦਿਨਾਂ ਵਿੱਚ ਨਵੀਂ ਉਦਯੋਗ ਨੀਤੀ ਦਾ ਵਾਅਦਾ, ਚੰਡੀਗੜ੍ਹ ਵਿੱਚ ਮਨਪ੍ਰੀਤ ਬਾਦਲ ਅਤੇ ਬਲਬੀਰ ਸਿੱਧੂ ਨੇ ਕੀਤਾ ਜਾਰੀ

ਨਵੀਂ ਦਿੱਲੀ, 9 ਜਨਵਰੀ (ਸ.ਬ) ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੱਜ ਪੰਜਾਬ ਵਿਧਾਨਸਭਾ ਚੋਣਾ ਸੰਬੰਧੀ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ| ਕਾਂਗਰਸ ਦਾ ਚੋਣ ਘੋਸ਼ਣਾ ਪੱਤਰ ਪੰਜਾਬ ਦੇ ਖੋਹ ਚੁੱਕੇ ਸਨਮਾਨ ਨੂੰ ਵਾਪਿਸ ਲਿਆਉਣ ਤੇ ਦੇਸ਼ ਅੰਦਰ ਉਸਦੇ ਸਹੀ ਸਥਾਨ ਨੂੰ ਵਾਪਿਸ ਦਿਲਾਉਣ ਦੀ ਕੋਸ਼ਿਸ਼ ਤਹਿਤ ਬਾਦਲ ਸਰਕਾਰ ਵਲੋਂ ਸੂਬੇ ਦੇ ਸੰਸਾਧਨਾਂ ਉਪਰ ਕੁਝ ਲੋਕਾਂ ਦੇ ਸ਼ਿਕੰਜ਼ੇ ਤੋਂ ਸੂਬੇ ਦੇ ਲੋਕਾਂ ਨੂੰ ਅਜ਼ਾਦੀ ਦਿਲਾਉਣ ਦਾ ਵਾਅਦਾ ਕਰਦਾ ਹੈ|
ਹਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਾਰੀ ਕੀਤੇ ਗਏ 9-ਸੂਤਰੀ ਏਜੰਡੇ ਤੋਂ ਅੱਗੇ ਵੱਧ ਕੇ ਮੈਨੀਫੈਸਟੋ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਪਾਰਟੀ ਦੇ ਵਾਅਦਿਆਂ ਨੂੰ ਇਕੱਠਾ ਕਰਦਾ ਹੈ| ਨਸ਼ਿਆਂ ਤੇ ਹੋਰ ਮਾਫੀਆਵਾਂ ਖਿਲਾਫ ਕਾਰਵਾਈ ਕਰਨਾ, ਮਹੱਤਵਪੂਰਨ ਪ੍ਰਸ਼ਾਸਨਿਕ ਤੇ ਕਾਨੂੰਨੀ ਗਤੀਵਿਧੀਆਂ ਉਪਰ ਕੰਟਰੋਲ ਲਈ ਵੱਡੇ ਪੱਧਰ ‘ਤੇ ਕਾਨੂੰਨ ਲਿਆਉਣਾ, ਰੁਜ਼ਗਾਰ ਮੁਹੱਈਆ ਕਰਵਾਉਣਾ ਅਤੇ ਖੇਤੀ ਤੇ ਉਦਯੋਗ ਖੇਤਰ ਨੂੰ ਮੁੜ ਖੜ੍ਹਾ ਕਰਨ ਵਾਸਤੇ ਸਮਾਂਬੱਧ ਕਦਮ ਚੁੱਕਣਾ, ਵੀ.ਵੀ.ਆਈ.ਪੀ ਕਲਚਰ ਦਾ ਖਾਤਮਾ, ਪਿਛੜ ਚੁੱਕੇ ਤੇ ਘੱਟ ਗਿਣਤੀ ਵਰਗਾਂ ਨੂੰ ਮੁੜ ਸਮਾਜਿਕ ਮੁੱਖ ਧਾਰਾ ‘ਚ ਲਿਆਉਣਾ 120 ਪੰਨ੍ਹਿਆਂ ਦੇ ਮੈਨਿਫੈਸਟੋ ਦੀਆ ਮੁੱਖ ਵਿਸ਼ੇਸ਼ਤਾਵਾਂ ਹਨ| ਇਸਨੂੰ ਪੰਜਾਬ ਦੇ ਛੇ ਮੁੱਖ ਸ਼ਹਿਰਾਂ ਵਿੱਚ ਸੀਨੀਅਰ ਪਾਰਟੀ ਆਗੂਆਂ ਵੱਲੋਂ ਵੀ ਜ਼ਾਰੀ ਕੀਤਾ ਗਿਆ|
ਇਸਤੋਂ ਇਲਾਵਾ ਮੈਨਿਫੈਸਟੋ ਸਰਕਾਰੀ ਮੁਲਾਜ਼ਮਾਂ, ਸਿੱਖਿਅਕ ਸੰਸਥਾਵਾਂ ਤੇ ਅਧਿਆਪਕਾਂ, ਸਿਹਤ ਵਿਵਸਥਾ ਅਤੇ ਮੀਡੀਆ ਨੂੰ ਲੈ ਕੇ ਮੁੱਦਿਆਂ ਦਾ ਵੀ ਹੱਲ ਕਰਦਾ ਹੈ| ਮੈਨੀਫੈਸਟੋ ਅਨੁਸਾਰ ਪਾਰਟੀ ਆਬਕਾਰੀ, ਫੀਸ, ਨੀਲਾਮੀ ਆਦਿ ਸਬੰਧੀ ਮਾਫੀਆਵਾਂ ਦਾ ਖਾਤਮਾ ਕਰਦਿਆਂ ਸੂਬੇ ਨੂੰ ਮੁੜ ਵਿਕਾਸ ਦੀ ਪੱਟੜੀ ‘ਤੇ ਤੋਰਨ ਲਈ ਵਿੱਤੀ ਤੇ ਆਰਥਿਕ ਸੁਧਾਰ ਲਿਆਉਣ ਲਈ ਵਚਨਬੱਧ ਹੈ| ਮੈਨਿਫੈਸਟੋ ਦੇ ਏਜੰਡੇ ਵਿੱਚ ਕਾਨੂੰਨੀ ਤੇ ਪੁਲਿਸ ਸੁਧਾਰ ਵੀ ਹਨ|
ਮੈਨਿਫੈਸਟੋ ਵਿੱਚ ਸਿਹਤ, ਸੈਰ ਸਪਾਟਾ, ਪੇਂਡੂ ਤੇ ਸ਼ਹਿਰੀ ਵਿਕਾਸ ਲਈ ਚੁੱਕੇ ਜਾਣ ਸਮੇਤ, ਸਰਹੱਦੀ ਇਲਾਕਿਆਂ ਨੂੰ ਵਿਸ਼ੇਸ ਰਾਹਤ ਪੈਕੇਜ਼ ਦਿੰਦਿਆਂ ਸੀਮਾ ਦੇ 30 ਕਿਲੋਮੀਟਰ ਦੇ ਦਾਇਰੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਨੌਕਰੀਆਂ 3 ਪ੍ਰਤੀਸ਼ਤ ਰਾਖਵਾਂਕਰਨ ਦੇਣਾ, ਟਰਾਂਸਪੋਰਟ ਲਈ ਨਿਰਪੱਖਤਾ ਪੂਰਵਕ ਲਾਇਸੈਂਸ ਜ਼ਾਰੀ ਕਰਨੇ, ਖੇਡਾਂ ਨੂੰ ਉਤਸਾਹਿਤ ਕਰਨਾ, ਐਨ. ਆਰ. ਆਈ ਵਰਗ ਦੀਆਂ ਦੇ ਨਿਪਟਾਰੇ ਵਾਸਤੇ ਇਕ ਵਿਆਪਕ ਨੀਤੀ, ਰਿਅਲ ਅਸਟੇਟ ਨੂੰ ਇਨਫ੍ਰਾ ਸਟ੍ਰੱਕਚਰ ਇੰਡਸਟਰੀ ਵਜੋਂ ਮਾਨਤਾ ਦੇਣਾ ਤੇ 31.3.2013 ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਦੀਆਂ ਕਲੋਨੀਆਂ ਨੂੰ ਰੈਗੁਲਰ ਕਰਨਾ ਸ਼ਾਮਿਲ ਹੈ|
ਮੈਨਿਫੈਸਟੋ ਸੂਬੇ ਅੰਦਰ ਬਿਜਲੀ ਸੁਧਾਰ, ਮੁੱਢਲੇ ਢਾਂਚੇ ਵਿੱਚ ਵਿਕਾਸ, ਵਾਤਾਵਰਨ ਸੰਭਾਲ, ਪੰਜਾਬੀਅਤ ਨੂੰ ਵਾਧਾ ਦੇਣ ਸਮੇਤ ਸਹਿਕਾਰੀ ਸੰਸਥਾਵਾਂ, ਰੇਹੜੀ ਫੜੀ ਵਾਲਿਆਂ, ਮਜ਼ਦੂਰਾਂ, ਸਫਾਈ ਮੁਲਾਜ਼ਮਾਂ, ਪੈਨਸ਼ਨਰਾਂ ਤੇ ਸੀਨੀਅਰ ਨਾਗਰਿਕਾਂ, ਜਿਊਲਰਾਂ ਤੇ ਰੱਖਿਆ ਮੁਲਾਜ਼ਮਾਂ ਦੇ ਨਾਲ-ਨਾਲ ਨੰਬਰਦਾਰਾਂ, ਚੌਕੀਦਾਰਾਂ, ਤੈਅ ਰੇਟ ਦੀਆਂ ਦੁਕਾਨਾਂ/ ਰਾਸ਼ਨ ਡਿਪੂਆਂ ਤੇ ਏਡਿਡ ਸਕੂਲ ਅਧਿਆਪਕਾਂ ਨੂੰ ਖੁਸ਼ ਕਰਦਿਆਂ, ਉਨ੍ਹਾਂ ਲਈ ਵੀ ਇਸ ਵਿੱਚ ਕੁਝ ਨਾ ਕੁਝ ਹੈ|

Leave a Reply

Your email address will not be published. Required fields are marked *