ਡਾ. ਰਵੀ ਪੁਰਸਕਾਰ’ ਡਾ. ਸੁਰਜੀਤ ਸਿੰਘ ਭੱਟੀ ਅਤੇ ‘ਗਿਆਨੀ ਹੀਰਾ ਸਿੰਘ ਦਰਦ ਪੁਰਸਕਾਰ’ ਮੱਖਣ ਕੁਹਾੜ ਨੂੰ

ਚੰਡੀਗੜ੍ਹ, 1 ਜੂਨ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਆਪਣੇ ਹਰ ਕਾਰਜਕਾਲ ਦੌਰਾਨ ਦਿੱਤੇ ਜਾਣ ਵਾਲੇ ਦੋ ਵਕਾਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਲਏ ਗਏ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਸਾਲ 2017-18 ਲਈ ‘ਡਾ. ਰਵਿੰਦਰ ਰਵੀ ਯਾਦਗਾਰੀ ਆਲੋਚਨਾ ਪੁਰਸਕਾਰ’ ਡਾ. ਸੁਰਜੀਤ ਸਿੰਘ ਭੱਟੀ ਨੂੰ ਅਤੇ ‘ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਪੁਰਸਕਾਰ’ ਮੱਖਣ ਕੁਹਾੜ ਨੂੰ ਦੇਣਾ ਤੈਅ ਕੀਤਾ ਗਿਆ ਹੈ| ਇਨ੍ਹਾਂ ਸਨਮਾਨਾਂ ਵਿੱਚ 11 ਹਜ਼ਾਰ ਰੁਪਏ ਨਕਦ ਰਾਸ਼ੀ, ਦੁਸ਼ਾਲਾ, ਯਾਦ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਭੇਂਟ ਕੀਤਾ ਜਾਂਦਾ ਹੈ| ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਅਗਲੇ 6 ਮਹੀਨਿਆਂ ਲਈ ਕੇਂਦਰੀ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਗਮ ਉਲੀਕੇ ਗਏ| ਉਨ੍ਹਾਂ ਦਸਿਆ ਕਿ ਕੇਂਦਰੀ ਸਭਾ ਦਾ ਡੇਢ ਸਾਲਾ ਇਜਲਾਸ 7 ਅਕਤੂਬਰ 2018 ਨੂੰ ਲੁਧਿਆਣਾ ਵਿਖੇ ਕੀਤਾ ਜਾਵੇਗਾ| ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਫ਼ਰਵਰੀ 2019 ਆਲਮੀ ਪੰਜਾਬੀ ਕਾਨਫ਼ਰੰਸ ਕਰਵਾਏ ਜਾਣ ਦਾ ਫ਼ੈਸਲਾ ਵੀ ਹੋਇਆ ਹੈ| ਇਸੇ ਸਾਲ ਸਤੰਬਰ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਕੇਂਦਰੀ ਸਭਾ ਵਲੋਂ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਸੈਂਕੜੇ ਪੰਜਾਬੀ ਲੇਖਕਾਂ ਵਲੋਂ ਇਕ ਮਨੁੱਖੀ ਕੜੀ ਬਣਾਈ ਜਾਵੇਗੀ, ਜੋ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਘਰ ਤਕ ਜਾਵੇਗੀ| ਮੀਟਿੰਗ ਵਿੱਚ ਕੀਤੇ ਗਏ ਇਕ ਹੋਰ ਫੈਸਲੇ ਮੁਤਾਬਕ ਸਭਾ ਵਲੋਂ ਬਿਲਕੁਲ ਨਵੇਂ ਲਿਖਣ ਵਾਲੇ ਕਵੀਆਂ ਅਤੇ ਕਹਾਣੀਕਾਰਾਂ ਨੂੰ ਲੈ ਕੇ ਦੋ ਪੁਸਤਕਾਂ ਛਾਪੀਆਂ ਜਾਣਗੀਆਂ, ਕਾਵਿ ਸੰਗ੍ਰਹਿ ਦੇ ਸੰਪਾਦਕ ਦਰਸ਼ਨ ਬੁੱਟਰ ਅਤੇ ਸੁਰਜੀਤ ਜੱਜ ਹੋਣਗੇ, ਜਦੋਂਕਿ ਕਹਾਣੀ ਸੰਗ੍ਰਹਿ ਦੇ ਸੰਪਾਦਕਾਂ ਵਜੋਂ ਦੀਪ ਦਵਿੰਦਰ ਸਿੰਘ ਅਤੇ ਜਸਪਾਲ ਮਾਨਖੇੜਾ ਸੇਵਾਵਾਂ ਨਿਭਾਉਣਗੇ| ਮੀਟਿੰਗ ਦੌਰਾਨ ਪਿਛਲੇ ਸਮੇਂ ਵਿਚ ਵਿਛੜ ਗਈਆਂ ਸ਼ਖ਼ਸੀਅਤਾਂ ਮਦੀਹਾ ਗੌਹਰ, ਪ੍ਰੋ. ਅਜਮੇਰ ਸਿੰਘ ਔਲਖ ਦੀ ਬੇਟੀ ਸੁਹਜਪ੍ਰੀਤ ਕੌਰ ਔਲਖ, ਲੋਕਾਇਤ ਪ੍ਰਕਾਸ਼ਨ ਦੇ ਪ੍ਰਤਾਪ ਮਹਿਤਾ, ਬਰਤਾਨੀਆ ਤੋਂ ਸ਼ਾਇਰ ਅਜੀਤ ਸਿੰਘ ਸੰਧੂ ਅਤੇ ਅਵਤਾਰ ਸਾਦਿਕ, ਲੁਧਿਆਣਾ ਦੇ ਕਵੀ ਦਰਸ਼ਨ ਸਿੰਘ ਤਬੀਬਾ, ਕਹਾਣੀਕਾਰ ਗੁਰਪਾਲ ਲਿਟ ਅਤੇ ਗੁਰਦੀਪ ਨਿਰਮਾਣ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ|

Leave a Reply

Your email address will not be published. Required fields are marked *