ਡਿਪਟੀ ਕਮਿਸ਼ਨਰ ਨੇ ਭਾਈਚਾਰਕ ਸਾਂਝ ਤੇ ਸਦਭਾਵਨਾ ਬਣਾਏ ਰੱਖਣ ਦੀ ਚੁਕਾਈ ਸਹੁੰ

ਐਸ.ਏ.ਐਸ. ਨਗਰ, 20 ਅਗਸਤ (ਸ.ਬ.) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਦਭਾਵਨਾ ਦਿਵਸ ਮਨਾਇਆ ਗਿਆ| ਇਸ ਦੌਰਾਨ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਦਭਾਵਨਾ ਦਿਵਸ ਸਬੰਧੀ ਸਹੁੰ ਚੁਕਾਈ| ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਜਾਤ ਪਾਤ, ਖੇਤਰ, ਧਰਮ ਅਤੇ ਭਾਸ਼ਾ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੰਮ ਕਰਨ ਦੀ ਲੋੜ ਹੈ|
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਤ, ਖੇਤਰ, ਧਰਮ ਅਤੇ ਭਾਸ਼ਾ ਦਾ ਭੇਦਭਾਵ ਕੀਤੇ ਬਿਨਾਂ ਸਾਰੇ ਭਾਰਤ ਵਾਸੀਆਂ ਦੀ ਭਾਵਨਾਤਮਕ ਏਕਤਾ ਅਤੇ ਸਦਭਾਵਨਾ ਲਈ ਕੰਮ ਕਰਨਾ ਜ਼ਰੂਰੀ ਹੈ| ਉਹਨਾਂ ਇਹ ਵੀ ਕਿਹਾ ਕਿ ਹਿੰਸਾ ਦਾ ਸਹਾਰਾ ਲਏ ਬਿਨਾਂ ਹਰ ਤਰ੍ਹਾਂ ਦੇ ਮਤਭੇਦ, ਗੱਲਬਾਤ ਅਤੇ ਸੰਵਿਧਾਨਕ ਮਾਧਿਅਮਾਂ ਨਾਲ ਸੁਲਝਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਦਭਾਵਨਾ ਦਿਵਸ ਹਰ ਸਾਲ 20 ਅਗਸਤ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਅਤੇ ਉਹ 21ਵੀਂ ਸਦੀ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਹਨ|
ਸਦਭਾਵਨਾ ਦਿਵਸ ਮੌਕੇ ਸਬ ਡਿਵੀਜ਼ਨਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਵੀ ਸਦਭਾਵਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸਹੁੰ ਚੁਕਾਈ ਗਈ| ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ ਜਨਲਰ ਯਸ਼ਪਾਲ ਸ਼ਰਮਾ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ.ਜਸਵੀਰ ਸਿੰਘ, ਐਸ.ਪੀ. ਹੈਡਕੁਆਰਟਰ ਗੁਰਸੇਵਕ ਸਿੰਘ ਬਰਾੜ, ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ, ਜ਼ਿਲ੍ਹਾ ਭਲਾਈ ਅਫ਼ਸਰ ਸੁਖਸਾਗਰ ਸਿੰਘ, ਆਰ.ਟੀ.ਏ. ਸੁਖਵਿੰਦਰ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ ਅਤੇ ਜ਼ਿਲ੍ਹਾ ਬਾਲ ਭਲਾਈ ਅਫਸਰ ਨਵਪ੍ਰੀਤ ਕੌਰ ਅਤੇ ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ|

Leave a Reply

Your email address will not be published. Required fields are marked *