ਡਿਪਟੀ ਕਮਿਸ਼ਨਰ ਵਲੋਂ ਨਗਰ ਕੌਂਸਲਾਂ ਦੇ ਕੰਮਾਂ ਦੀ ਜਾਂਚ-ਪੜਤਾਲ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਐਸ.ਏ.ਐਸ ਨਗਰ, 28 ਅਗਸਤ (ਸ.ਬ.) ਨਗਰ ਕੌਂਸਲ ਜ਼ੀਰਕਪੁਰ, ਡੇਰਾਬਸੀ ਅਤੇ ਨਗਰ ਪੰਚਾਇਤ ਲਾਲੜੂ ਅਧੀਨ ਆਉਂਦੇ ਖੇਤਰ ਵਿੱਚ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀਆਂ ਆਮ ਲੋਕਾਂ, ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਸਾਧਨਾਂ ਰਾਹੀਂ ਪ੍ਰਾਪਤ ਹੋਈਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਇਹਨਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵਲੋਂ 1 ਜਨਵਰੀ 2015 ਤੋਂ ਲੈ ਕੇ 1 ਜਨਵਰੀ 2018 ਤੱਕ ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਵਾਟਰ ਸਪਲਾਈ ਸਬੰਧੀ ਕੀਤੇ ਕੰਮਾਂ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਸ ਨੂੰ ਕਿ 28 ਸਤੰਬਰ ਤੱਕ ਆਪਣੀ ਰਿਪੋਰਟ ਦੇਣ ਦੀਆਂ ਹਦਾਇਤਾਂ ਦਿੱਤੀਆਂ ਹਨ|
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਸਾਤਾਂ ਦੌਰਾਨ ਮੁਖ ਸੜਕਾਂ ਅਤੇ ਹੋਰਨਾਂ ਥਾਵਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਨਗਰ ਕੌਂਸਲਾਂ ਅਤੇ ਹੋਰ ਲੋਕ ਮਸਲਿਆਂ ਸਬੰਧੀ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਹਨ| ਉਹਨਾਂ ਦੱਸਿਆ ਕਿ ਸਾਲ 2015 ਤੋਂ ਲੈ ਕੇ 2018 ਤੱਕ ਫੰਡ ਉਪਲੱਬਧ ਹੋਣ ਦੇ ਬਾਵਜੂਦ ਢੁਕਵੇਂ ਕਦਮ ਚੁੱਕੇ ਨਹੀਂ ਜਾਪਦੇ, ਇਸ ਲਈ 1 ਜਨਵਰੀ 2015 ਤੋਂ ਲੈ ਕੇ 1 ਜਨਵਰੀ 2018 ਦੌਰਾਨ ਉਪਰੋਕਤ ਤਿੰਨੇ ਨਗਰ ਕੌਂਸਲਾਂ ਵਲੋਂ ਕੀਤੇ ਗਏ ਕਾਰਜਾਂ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ|
ਉਹਨਾਂ ਦੱਸਿਆ ਕਿ ਐਸ. ਡੀ. ਐਮ ਡੇਰਾਬਸੀ ਸ੍ਰੀ ਪਰਮਜੀਤ ਸਿੰਘ ਨੂੰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ| ਉਹਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਜ਼ੀਰਕਪੁਰ ਸ੍ਰੀ ਪਰਮਜੀਤ ਸਿੰਘ, ਐਕਸੀਅਨ ਸੀ.ਡਬਲਿਊ.ਡੀ ਸ੍ਰੀ ਐਨ.ਐਸ ਵਾਲੀਆ, ਐਕਸ਼ੀਅਨ ਪੰਚਾਇਤੀ ਰਾਜ ਸ੍ਰੀ ਕੁਲਦੀਪ ਸਿੰਘ ਗਰਚਾ ਅਤੇ ਐਕਸੀਅਨ ਡਰੇਨੇਜ਼ ਡਵੀਜਨ ਪਟਿਆਲਾ ਸ੍ਰੀ ਦਵਿੰਦਰ ਸਿੰਘ ਨੂੰ ਬਤੌਰ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|

Leave a Reply

Your email address will not be published. Required fields are marked *