ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ ਮੈਰਿਜ ਪੈਲਿਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ, ਅਣਜਾਣ ਵਿਅਕਤੀ ਨੂੰ ਸਾਇਬਰ ਕੈਫੇ ਦੀ ਵਰਤੋਂ ਕਰਨ, ਚਾਈਨੀਜ ਡੋਰ ਨੂੰ ਵਰਤਣ, ਵੇਚਣ ਅਤੇ ਸਟੋਰ ਕਰਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਦੇ ਬਾਹਰ ਬਣੇ ਜੰਗਲੇ ਦੇ ਅੰਦਰ ਧਰਨੇ/ਰੈਲੀਆਂ ਕਰਨ ਤੇ ਪਾਬੰਦੀ ਦੇ ਹੁਕਮ ਲਾਗੂ

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ ਮੈਰਿਜ ਪੈਲਿਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ, ਅਣਜਾਣ ਵਿਅਕਤੀ ਨੂੰ ਸਾਇਬਰ ਕੈਫੇ ਦੀ ਵਰਤੋਂ ਕਰਨ, ਚਾਈਨੀਜ ਡੋਰ ਨੂੰ ਵਰਤਣ, ਵੇਚਣ ਅਤੇ ਸਟੋਰ ਕਰਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਦੇ ਬਾਹਰ ਬਣੇ ਜੰਗਲੇ ਦੇ ਅੰਦਰ ਧਰਨੇ/ਰੈਲੀਆਂ ਕਰਨ ਤੇ ਪਾਬੰਦੀ ਦੇ ਹੁਕਮ ਲਾਗੂ
ਮੈਰਿਜ਼ ਪੈਲਿਸਾਂ, ਹੋਟਲਾਂ, ਬੈਕੁਇੰਟ ਹਾਲਾਂ ਆਦਿ ਦੇ ਮਾਲਕਾਂ ਨੂੰ ਸਮਾਗਮਾਂ ਸਮੇਂ ਗੱਡੀਆਂ ਨੂੰ ਪਾਰਕ ਕਰਨ ਲਈ ਉਚਿੱਤ ਥਾਂ ਦਾ ਪ੍ਰਬੰਧ ਕਰਨ ਅਤੇ ਮਕਾਨ ਮਾਲਕਾਂ ਵੱਲੋਂ ਰੱਖਣ ਵਾਲੇ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਥਾਣੇ ਵਿੱਚ ਦਰਜ ਕਰਵਾਉਣ ਦੇ ਹੁਕਮ ਵੀ ਜਾਰੀ
ਐਸ .ਏ.ਐਸ.ਨਗਰ, 30 ਨਵੰਬਰ (ਸ.ਬ.) ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ.ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਥਿਤ ਮੈਰਿਜ ਪੈਲਿਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਆਮ ਲੋਕਾਂ ਦੇ ਅਸਲਾ ਲੈ ਕੇ ਆਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਵੀ ਹੁਕਮ ਕੀਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਮੈਰਿਜ ਪੈਲਿਸ ਵਿੱਚ ਵਿਆਹ ਸਮੇਂ ਅਸਲਾ ਲੈ ਕੇ ਆਉਂਦਾ ਹੈ ਤਾਂ ਪੈਲਿਸ ਦੇ ਮਾਲਕ ਸਥਾਨਕ ਪੁਲੀਸ ਨੂੰ ਤੁਰੰਤ ਸੂਚਿਤ ਕਰੇਗਾ| ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੈਰਿਜ ਪੈਲਿਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਆਮ ਲੋਕ ਅਸਲਾ ਲੈ ਕੇ ਆਉਂਦੇ ਹਨ ਅਤੇ ਸ਼ਰਾਬ ਪੀ ਕੇ ਗੋਲੀਬਾਰੀ ਕਰ ਦਿੰਦੇ ਹਨ ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਤਰਾ ਬਣ ਜਾਂਦਾ ਹੈ|
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਸਾਇਬਰ ਕੈਫੇ ਮਾਲਕਾਂ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ ਜਿਸ ਦੀ ਪਹਿਚਾਣ ਕੈਫੇ ਮਾਲਕ ਵਲੋਂ ਨਹੀਂ ਕੀਤੀ ਗਈ ਸਾਇਬਰ ਕੈਫੇ ਦੀ ਵਰਤੋਂ ਨਾ ਕਰਨ ਦੇਣ ਅਤੇ ਇਹ ਵੀ ਹੁਕਮ ਕੀਤੇ ਕਿ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਗਾਇਆ ਜਾਵੇ| ਕੈਫੇ ਵਰਤੋਂ ਕਰਨ ਵਾਲਾ ਆਪਣੇ ਹੱਥ ਨਾਲ ਆਪਣਾ ਨਾਮ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕਰੇਗਾ ਅਤੇ ਇਸ ਮੰਤਵ ਲਈ ਰੱਖੇ ਗਏ ਰਜ਼ਿਸਟਰ ਵਿੱਚ ਹਸਤਾਖਰ ਵੀ ਕਰੇਗਾ| ਉਹਨਾਂ ਹੁਕਮ ਕੀਤੇ ਕਿ ਵਰਤੋਂ ਕਰਨ ਵਾਲੇ ਆਉਣ ਵਾਲੇ ਵਿਅਕਤੀ ਦੀ ਸਨਾਖ਼ਤ ਉਸ ਦੇ ਪਹਿਚਾਣ ਪੱਤਰ , ਵੋਟਰ ਕਾਰਡ, ਰਾਸ਼ਨ ਕਾਰਡ, ਡਰਾਇਵਿੰਗ ਲਾਇਸੈਂਸ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇ | ਇਸ ਤੋਂ ਇਲਾਵਾ ਐਕਟੀਵਿਟੀ ਸਰਵਰ ਲੌਗ ਮੁੱਖ ਸਰਵਰ ਵਿੱਚ ਸੁਰੱਖਿਅਤ ਹੋਵੇਗਾ ਅਤੇ ਇਸ ਦਾ ਰਿਕਾਰਡ ਮੁੱਖ ਸਰਵਰ ਵਿੱਚ ਘੱਟੋ -ਘੱਟ ਛੇ ਮਹੀਨੇ ਲਈ ਸੁਰੱਖਿਅਤ ਰੱਖਿਆ ਜਾਵੇ| ਜੇਕਰ ਸਾਇਬਰ ਕੈਫੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸਾਇਬਰ ਕੈਫੇ ਦੇ ਮਾਲਕ ਨੂੰ ਸ਼ੱਕੀ ਲੱਗਦੀ ਹੈ ਤਾਂ ਉਹ ਸਬੰਧਤ ਪੁਲੀਸ ਸਟੇਸ਼ਨ ਨੂੰ ਸੂਚਿਤ ਕਰੇਗਾ ਅਤੇ ਕਿਸੇ ਵੀ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਵਾਲੇ ਰਿਕਾਰਡ ਨੂੰ ਸੰਭਾਲ ਕੇ ਰੱਖੇਗਾ| ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੁੱਝ ਅਸਮਾਜਿਕ ਤੱਤ,ਅਪਰਾਧੀ ਅਤੇ ਅਤਵਾਦੀ ਸਾਈਬਰ ਕੈਫੇ ਦੀਆਂ ਸੁਵਿਧਾਵਾਂ ਦੀ ਦੁਰਵਰਤੋਂ ਕਰਕੇ ਸੁਰੱਖਿਆ/ਪੜਤਾਲੀਆ ਏਜੰਸੀਆਂ ਨੂੰ ਗੁਮਰਾਹ , ਪਬਲਿਕ ਵਿਚ ਦਹਿਸ਼ਤ ਅਤੇ ਸਰਕਾਰੀ ਸੰਸਥਾਵਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੇ ਹਨ ਜਿਸ ਨਾਲ ਰਾਜ ਦੀ ਸੁਰੱਖਿਆ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਸਕਦੀ ਹੈ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ|
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇਮਾਰਤ ਦੇ ਬਾਹਰ ਬਣੇ ਜੰਗਲੇ ਦੇ ਅੰਦਰ ਧਰਨੇ ਅਤੇ ਰੈਲੀਆਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ| ਮੈਮੋਰੰਡਮ ਵਗੈਰਾ ਦੇਣ ਲਈ 5 ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀ ਇਸ ਜੰਗਲੇ ਦੇ ਮੇਨ ਗੇਟ ਵਿੱਚੋਂ ਲੰਘ ਕੇ ਇਸ ਦਫਤਰ ਵਿੱਚ ਆਉਣ ਤੇ ਕੋਈ ਪਾਬੰਦੀ ਨਹੀਂ ਹੋਵੇਗੀ| ਇਹ ਹੁਕਮ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਲਾਗੂ ਕੀਤੇ ਹਨ|
ਡਿਪਟੀ ਕਮਿਸ਼ਨਰ ਵਲੋਂ ਸ੍ਰੀਮਤੀ ਸਿੰਥੈਟਿਕ / ਪਲਾਸਟਿਕ ਦੀ ਬਣੀ ਡੋਰ (ਚਾਈਨਜ ਡੋਰ) ਨੂੰ ਵਰਤਣ, ਵੇਚਣ ਅਤੇ ਸਟੋਰ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਚਾਈਨੀਜ ਡੋਰ ਤੋਂ ਹੋਣ ਵਾਲੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ ਕਿਉਂਕਿ ਬੱਚੇ ਪਤੰਗ ਉਡਾਉਣ ਲਈ ਚਾਈਨਜ ਡੋਰ ਦੀ ਵਰਤੋਂ ਕਰਦੇ ਹਨ ਜਿਸ ਨਾਲ ਹਾਦਸੇ ਵਾਪਰਦੇ ਹਨ| ਇਨ੍ਹਾਂ ਹਾਦਸਿਆਂ ਨੂੰ ਠੱਲ ਪਾਉਣ ਲਈ ਚਾਈਨਜ ਡੋਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ|
ਡਿਪਟੀ ਕਮਿਸ਼ਨ ਵਲੋਂ ਜ਼ਿਲ੍ਹੇ ਦੇ ਮੈਰਿਜ਼ ਪੈਲਿਸਾਂ, ਹੋਟਲਾਂ, ਬੈਂਕੁਇੰਟ ਹਾਲਾਂ ਆਦਿ ਦੇ ਮਾਲਕਾਂ ਨੂੰ ਹੁਕਮ ਦਿੱਤੇ ਹਨ ਕਿ ਇਨ੍ਹਾਂ ਸਥਾਨਾਂ ਤੇ ਕੀਤੇ ਜਾਣ ਵਾਲੇ ਸਮਾਗਮਾਂ ਸਮੇਂ ਗੱਡੀਆਂ ਨੂੰ ਉਚਿੱਤ ਜਗ੍ਹਾ ਤੇ ਪਾਰਕ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਸਮਾਗਮਾਂ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਆਪਣੀ ਗੱਡੀ ਨੂੰ ਫੁੱਟਪਾਥ ਤੇ ਖੜ੍ਹਾ ਨਾ ਕਰੇ| ਜੇਕਰ ਮਾਲਕ/ਪ੍ਰਬੰਧਕ ਇਸ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ| ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਓ.ਸੀ.ਪੀ. ਨੰਬਰ 143/2010 ਵਿੱਚ ਹੁਕਮ ਪਾਸ ਕੀਤੇ ਹਨ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਨਿਸਚਿਤ ਕੀਤਾ ਜਾਵੇ ਕਿ ਕੋਈ ਵੀ ਗੱਡੀ ਫੁੱਟਪਾਥ ਤੇ ਖੜ੍ਹੀ ਨਾ ਕੀਤੀ ਜਾਵੇ |
ਡਿਪਟੀ ਕਮਿਸ਼ਨਰ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀਆਂ ਮਿਉਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ/ ਨੌਕਰ / ਪੇਇੰਗ ਗੈਸਟ ਰੱਖੇਗਾ ਤਾਂ ਉਸ ਵੱਲੋ ਉਸ ਦਾ ਪੂਰਾ ਵੇਰਵਾ ਨੇੜੇ ਦੇ ਪੁਲੀਸ ਥਾਣੇ ਵਿੱਚ ਦਰਜ ਕਰਾਉਣਾ ਲਾਜ਼ਮੀ ਹੋਵੇਗਾ|
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸੀਮਾਵਾਂ ਅੰਦਰ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਲਾਊਂਡ ਸਪੀਕਰ ਚਲਾਉਣ ਤੇ ਪਾਬੰਦੀ ਲਗਾਈ ਹੈ| ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ ਸਬੰਧਿਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜਜ਼) ਐਕਟ 1956 ਵਿੱਚ ਦਰਜ ਸ਼ਰਤਾਂ ਮੁਤਾਬਿਕ ਲਿਖਤੀ ਪ੍ਰਵਾਨਗੀ ਪ੍ਰਾਪਤ ਕਰ ਸਕਦੇ ਹਨ| ਹੁਕਮਾਂ ਵਿੰਚ ਕਿਹਾ ਗਿਆ ਹੈ ਕਿ ਲੋਕਾਂ ਵੱਲੋਂ ਸੱਭਿਆਚਾਰਕ ਅਤੇ ਧਾਰਮਿਕ ਜਾਂ ਖੁਸ਼ੀ ਆਦਿ ਦੇ ਸਮਾਗਮਾਂ ਸਮੇਂ ਲਾਊਂਡ ਸਪੀਕਰ ਲਗਾ ਕੇ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜਜ਼) ਐਕਟ 1956 ਦੀ ਉਲੰਘਣਾ ਕੀਤੀ ਜਾਂਦੀ ਹੈ| ਜਿਸ ਨਾਲ ਲੋਕ ਸ਼ਾਂਤੀ ਭੰਗ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਸ ਲਈ ਇਹ ਪਾਬੰਦੀ ਲਗਾਈ ਗਈ ਹੈ |
ਇਹ ਹੁਕਮ 27-01-2018 ਤੱਕ ਜ਼ਿਲਾ੍ਹ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਲਾਗੂ ਰਹਿਣਗੇ|

Leave a Reply

Your email address will not be published. Required fields are marked *