ਡਿਪਟੀ  ਕਮਿਸ਼ਨਰ  ਸ੍ਰੀਮਤੀ  ਗੁਰਪ੍ਰੀਤ ਕੌਰ ਸਪਰਾ ਨੇ ਡਿਫੈਂਸ ਅਦਾਰਿਆਂ ਦੀ ਸੁਰੱਖਿਆ ਨੂੰ ਲੈਕੇ ਡਿਫੈਂਸ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ

ਐਸ.ਏ.ਐਸ ਨਗਰ, 07 ਅਪ੍ਰੈਲ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਚ ਪੈਂਦੇ ਡਿਫੈਂਸ ਅਦਾਰਿਆਂ ਨੇੜੇ ਨਜ਼ਾਇਜ਼ ਉਸਾਰੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਨਜ਼ਾਇਜ਼ ਉਸਾਰੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਉਂਦੀ ਜਾਵੇਗੀ| ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹੇ ‘ਚ ਪੈਂਦੇ ਡਿਫੈਂਸ ਅਦਾਰਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਡਿਫੈਂਸ, ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ  ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ |
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿਲ੍ਹੇ ਚ ਪੈਂਦੇ ਡਿਫੈਂਸ ਅਦਾਰਿਆਂ ਦੀ ਸੁਰੱਖਿਆ ਲਈ ਡਿਫੈਂਸ ਅਦਾਰਿਆਂ ਦੇ ਮੁੱਖੀਆਂ ਨੂੰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਆਪਸੀ ਤਾਲਮੇਲ ਬਣਾਈ ਰੱਖਣ ਲਈ ਲੋੜ ਤੇ ਜ਼ੋਰ ਦਿੱਤਾ| ਇਸ ਮੌਕੇ ਡਿਫੈਂਸ ਅਤੇ ਏਅਰ ਪੋਰਟ ਦੇ ਅਧਿਕਾਰੀਆਂ ਵੱਲੋਂ ਜਗਤਪੁਰਾ ਵਿਖੇ ਨਜ਼ਾਇਜ਼ ਮੀਟ ਦੀਆਂ ਦੁਕਾਨਾਂ ਕਾਰਨ ਅਸਮਾਨ ਵਿਚ ਉੱਡਣ ਵਾਲੇ ਵੱਡੇ ਪੰਛੀ ਜੋ ਕੇ ਹਵਾਈ ਉਡਾਣਾ ਵਿਚ ਵਿਘਨ ਪਾਉਣ ਦਾ ਕਾਰਨ ਬਣਦੇ ਹਨ ਨਜ਼ਾਇਜ਼ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਖਿਆ| ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਮੌਕੇ ਤੇ ਹੀ ਐਸ.ਡੀ.ਐਮ ਮੁਹਾਲੀ ਅਤੇ ਸਹਾਇਕ ਕਮਿਸ਼ਨਰ ਜਨਰਲ ਨੂੰ ਨਜ਼ਾਇਜ਼ ਮੀਟ ਦੀਆਂ ਦੁਕਾਨਾਂ ਬੰਦ ਕਰਾਉਣ ਅਤੇ ਨਜ਼ਾਇਜ਼ ਡੇਅਰੀਆਂ ਨੂੰ ਵੀ ਹਟਾਉਣ ਲਈ ਢੁੱਕਵੀਂ ਕਾਰਵਾਈ ਕਰਨ ਦੇ ਅਦੇਸ਼ ਦਿੱਤੇ| ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੋਹਾਲੀ ਏਅਰ ਪੋਰਟ ਨੇੜੇ ਅਵਾਰਾ ਕੁੱਤਿਆਂ ਨੂੰ ਵੀ ਨੱਥ ਪਾਉਣ ਅਤੇ ਨੀਲ ਗਊਆਂ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਢੁੱਕਵੀਂ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ | ਉਨਾਂ੍ਹ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਡਿਫੈਂਸ ਅਦਾਰਿਆਂ ਨੇੜੇ ਹੋਣ ਵਾਲੀਆਂ ਨਜ਼ਾਇਜ਼ ਉਸਾਰੀਆਂ ਤੇ ਸਖ਼ਤ ਨਿਗ੍ਹਾ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਤੁਰੰਤ ਕਾਰਵਾਈ ਨੂੰ ਅਮਲ ਵਿਚ ਲਿਆਂਉਂਦਾ ਜਾ ਸਕੇ|  ਉਨਾਂ੍ਹ ਇਸ ਮੌਕੇ ਕਾਰਜਸਾਧਕ ਅਫਸਰ ਜ਼ੀਰਕਪੁਰ ਨੂੰ ਭਬਾਤ ਨੇੜੇ ਏਅਰ ਫੋਰਸ ਸਟੇਸ਼ਨ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ|
ਡਿਪਟੀ ਕਮਿਸ਼ਨਰ  ਨੇ ਇਸ ਮੌਕੇ ਡਿਫੈਂਸ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਸੰਵੇਦਨਸੀਲ ਥਾਵਾਂ ਤੇ ਖਾਸ ਨਿੱਗ੍ਹਾ ਰੱਖਣ ਦੇ ਨਾਲ-ਨਾਲ ਅਚਨਚੇਤੀ ਚੈਕਿੰਗ ਅਤੇ ਸਾਂਝੀ ਪੈਟਰੋਲਿੰਗ ਕਰਨ ਲਈ ਵੀ ਆਖਿਆ| ਉਨਾਂ੍ਹ ਦੱਸਿਆ ਕਿ ਡਿਫੈਂਸ ਅਦਾਰਿਆਂ ਦੀ ਸੁਰੱਖਿਆ ਲਈ ਜਲਦੀ ਹੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਜਿਲ੍ਹੇ ਚ ਪੈਂਦੇ ਡਿਫੈਂਸ ਅਦਾਰਿਆਂ ਦੀ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾਇਆ ਜਾ ਸਕੇ| ਮੀਟਿੰਗ ਵਿਚ ਡਿਪਟੀ ਪ੍ਰਬੰਧਕ ਅਫਸਰ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਡੀ.ਐਸ.ਸੈਣੀ, ਐਸ.ਪੀ. ਅਖਿਲ ਚੌਧਰੀ ਆਈ.ਪੀ.ਐਸ, ਮੁੱਖ ਸੁਰੱਖਿਆ ਅਫਸਰ ਅੰਤਰ ਰਾਸ਼ਟਰੀ ਏਅਰਪੋਰਟ  ਸ੍ਰੀ ਹਰੀਪਾਲ ਸਿੰਘ, ਐਸ.ਡੀ.ਐਮ ਸ੍ਰੀਮਤੀ ਅਨੂਪ੍ਰੀਤਾ ਜੌਹਲ , ਸਹਾਇਕ ਕਮਿਸ਼ਨਰ ਜਨਰਲ ਸ. ਜਸਬੀਰ ਸਿੰਘ, ਸੁਰੱਖਿਆ ਅਫਸਰ ਏਅਰ ਫੋਰਸ ਸਟੇਸ਼ਨ ਮੁੱਲਾਂਪੁਰ ਫਲਾਈਟ ਲੈਫਟੀਨੈਂਟ ਮਾਇੰਕ ਸ਼ਰਮਾ, ਐਸ.ਡੀ.ਓ ਗਮਾਡਾ ਸ. ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਹਰਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *