ਡਿਪਟੀ ਮੇਅਰ ਨੇ ਸ਼ਹਿਰ ਵਿੱਚ ਟੈਲੀਕਾਮ ਕੰਪਨੀਆਂ ਨੂੰ ਖੁਦਾਈ ਦੀ ਇਜਾਜਤ ਦਾ ਵੇਰਵਾ ਮੰਗਿਆ ਟੈਲੀਕਾਮ ਕੰਪਨੀਆਂ ਨੇ ਖੋਖਲਾ ਕਰ ਦਿੱਤਾ ਸ਼ਹਿਰ : ਮਨਜੀਤ ਸਿੰਘ ਸੇਠੀ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਸ਼ਹਿਰ ਵਿੱਚ ਆਪਣੀਆਂ ਤਾਰਾਂ ਪਾਉਣ ਲਈ ਟੈਲੀਕਾਮ ਕੰਪਨੀਆਂ ਵਲੋਂ ਫੁਟਪਾਥਾਂ, ਲਾਕ ਇਨ ਪੇਵਰਾਂ ਅਤੇ ਸੜਕਾਂ ਤੇ ਹੇਠਾਂ ਤੋਂ ਪੁਟਾਈ ਕਰਕੇ ਉਹਨਾਂ ਦੀ ਬਾਅਦ ਵਿੱਚ ਲੋੜੀਂਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜਰ ਡਿਪਟੀ          ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਟੈਲੀਕਾਮ ਕੰਪਨੀਆਂ ਦੀਆਂ ਤਾਰਾਂ ਨੂੰ ਦਬਾਉਣ ਵਾਲੀਆਂ ਵੱਖ ਵੱਖ ਕੰਪਨੀਆਂ ਨੂੰ ਡ੍ਰਿਲਿੰਗ ਕਰਨ ਲਈ ਦਿੱਤੇ ਗਏ ਠੇਕੇ ਦਾ ਵੇਰਵਾ ਦੇਣ ਦੀ ਮੰਗ ਕੀਤੀ ਹੈ|
ਸ੍ਰ. ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਲੋਂ ਤਾਰ ਪਾਉਣ ਵੇਲੇ ਬਾਕਾਇਦਾ ਤੌਰ ਤੇ ਟਾਈਲਾਂ ਪੁੱਟੀਆਂ ਜਾਂਦੀਆਂ ਹਨ ਅਤੇ ਇੱਕ ਥਾਂ ਤੇ ਪੁਟਾਈ ਕਰਕੇ ਅੱਗੇ ਮਸ਼ੀਨ ਰਾਹੀਂ ਜ਼ਮੀਨ ਦੇ ਹੇਠਾਂ ਤੋਂ ਹੀ ਪੁਟਾਈ ਕਰਕੇ ਦੂਜੀ ਥਾਂ ਤੱਕ ਤਾਰਾਂ ਪਾ ਦਿੱਤੀਆਂ ਜਾਂਦੀਆਂ ਹਨ| ਇਸ ਤਰ੍ਹਾਂ ਉਪਰੋਂ ਤਾਂ ਸਭ ਕੁਝ ਠੀਕ ਦਿਖਾਈ ਦਿੰਦਾ ਹੈ ਪਰ ਕਿਉਂਕਿ ਪੁਟਾਈ ਜ਼ਿਆਦਾ ਨਹੀਂ ਹੁੰਦੀ ਇਸ ਕਰਕੇ ਜਮੀਨ ਦੀ ਉਪਰਲੀ ਸਤ੍ਹਾ ਕਮਜ਼ੋਰ ਹੋ ਜਾਂਦੀ ਹੈ| ਇਹ ਕੰਪਨੀਆਂ ਵਾਲੇ ਆਪਣਾ ਕੰਮ ਨਬੇੜ ਕੇ ਉਪਰ ਪਹਿਲਾਂ ਵਾਂਗ ਟਾਈਲਾਂ ਕੱਚਾ ਪੱਕਾ ਮਟੀਰੀਅਲ ਲਗਾ ਕੇ ਤੁਰਦੇ ਬਣਦੇ ਹਨ ਅਤੇ ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਥਾਂ ਦਬ ਜਾਂਦੀ ਹੈ| ਉਹਨਾਂ ਕਿਹਾ ਕਿ ਇਸਦੇ ਬਾਵਜੂਦ ਜਮੀਨ ਧੱਸਣ ਦੀ ਜ਼ਿਮੇਵਾਰੀ ਕਦੇ ਵੀ ਇਨ੍ਹਾਂ ਕੰਪਨੀਆਂ ਦੇ ਸਿਰ ਨਹੀਂ ਪਾਈ ਜਾਂਦੀ|  ਉਹਨਾਂ ਕਿਹਾ ਕਿ ਇਹ ਕੰਮ ਕਰਨ ਲਈ ਬਾਕਾਇਦਾ ਤੌਰ ਤੇ ਕੰਪਨੀਆਂ ਨੂੰ ਨਗਰ ਨਿਗਮ ਕੋਲੋਂ ਇਜਾਜ਼ਤ ਵੀ ਲੈਣੀ ਪੈਂਦੀ ਹੈ ਅਤੇ ਸਕਿਊਰਟੀ ਵੀ ਜਮ੍ਹਾਂ ਕਰਵਾਉਣੀ ਪੈਂਦੀ ਹੈ ਪਰੰਤੂ ਨਗਰ ਨਿਗਮ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਇਸ ਸੰਬੰਧੀ ਜਦੋਂ ਲੋਕ ਇਲਾਕੇ ਦੇ ਕੌਂਸਲਰ ਨੂੰ ਸ਼ਿਕਾਇਤ ਕਰਦੇ ਹਨ ਤਾਂ ਉਹ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਾ ਹੈ ਪਰ ਉਸਨੂੰ ਜਵਾਬ ਮਿਲਦਾ ਹੈ ਕਿ ਇਹ ਖਰਾਬੀ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਇਸ ਨੂੰ ਠੀਕ ਕਰਨ ਦੀ ਜਿੰਮੇਵਾਰੀ ਨਿਗਮ ਦੀ ਹੈ ਜਦੋਂਕਿ ਇਹ ਸਮੱਸਿਆ ਕੰਪਨੀ ਵਲੋਂ ਕੀਤੀ ਗਈ ਖੁਦਾਈ ਕਾਰਨ ਪੈਦਾ ਹੁੰਦੀ ਹੈ ਜਿਸਦੀ ਜਿੰਮੇਵਾਰੀ ਵੀ ਖੁਦਾਈ ਕਰਨ ਵਾਲੀ ਕੰਪਨੀ ਦੀ ਹੀ ਬਣਦੀ ਹੈ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਨਿਗਮ ਨੇ ਕਿੰਨੀਆਂ ਕੰਪਨੀਆਂ ਨੂੰ ਸ਼ਹਿਰ ਵਿੱਚ ਟੈਲੀਕਾਮ ਜਾਂ ਦੂਜੀਆਂ ਤਾਰਾਂ ਧਰਤੀ ਦੇ ਹੇਠਾਂ ਪਾਉਣ ਦੀ ਇਜਾਜ਼ਤ ਦਿੱਤੀ|
ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਵੀ ਜਾਣਕਾਰੀ ਮੰਗੀ ਸੀ ਕਿ ਇਨ੍ਹਾਂ ਕੰਪਨੀਆਂ ਵਿੱਚੋਂ ਕਿੰਨਿਆਂ ਨੇ ਸਕਿਊਰਟੀ ਜਮ੍ਹਾਂ ਕਰਵਾਈ ਅਤੇ ਜਦੋਂ ਕੰਮ ਠੀਕ ਨਾ ਕੀਤਾ ਗਿਆ ਤਾਂ ਕਿੰਨੀ ਸਕਿਊਰਟੀ ਕੱਟੀ ਗਈ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਤਕ ਦੇਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਨੂੰ ਨਿਗਮ ਵਲੋਂ ਇਸ ਸੰਬੰਧੀ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣ ਸਕੱਤਰ ਸਥਾਨਕ ਸਰਕਾਰ ਵਿਭਾਗ ਨੂੰ ਪੱਤਰ ਲਿਖ ਕੇ ਇਸਦੀ ਕਾਪੀ ਮੇਅਰ, ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਭੇਜੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਜਾਵੇ ਤਾਂ ਜੋ ਇਸ ਸੰਬਧੀ ਅਗਲੀ ਕਾਰਵਾਈ ਕਰ ਸਕਣ|

Leave a Reply

Your email address will not be published. Required fields are marked *