ਡੀਜੀਪੀ ਸੁਮੇਧ ਸੈਣੀ ਨੂੰ ਬਚਾ ਰਹੇ ਹਨ ਕਾਂਗਰਸ ਅਤੇ ਅਕਾਲੀ ਦਲ ਬਾਦਲ : ਜਸਵੀਰ ਸਿੰਘ ਗੜ੍ਹੀ

ਐਸ.ਏ.ਐਸ.ਨਗਰ, 4 ਸਤੰਬਰ (ਸ.ਬ.) ਬਸਪਾ ਦੇ ਸੂਬਾ ਪ੍ਰਧਾਨ ਸ੍ਰ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੋਵੇਂ ਹੀ ਡੀਜੀਪੀ ਸੁਮੇਧ ਸੈਣੀ ਨੂੰ ਬਚਾ ਰਹੇ ਹਨ| ਵਿਧਾਨ ਸਭਾ ਮੁਹਾਲੀ ਅਤੇ ਡੇਰਾਬਸੀ ਦੀ ਲੀਡਰਸ਼ਿਪ ਨਾਲ ਵੱਖਰੇ-ਵੱਖਰੇ ਸੰਗਠਨਾਂ ਦੀ ਸਮੀਖਿਆ ਮੌਕੇ ਪੰਜਾਬ ਦੇ ਹਾਲਾਤ ਤੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦੀ ਪੜਤਾਲ ਤਤਕਾਲੀਨ ਡੀ.ਜੀ.ਪੀ. ਸੁਮੇਧ ਸੈਣੀ ਤੋਂ ਹੀ ਹੋਣੀ ਚਾਹੀਦੀ ਹੈ ਜਿਹੜਾ ਹੁਣ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਵਿੱਚ ਦੋਸ਼ੀ ਹੋਣ ਤੇ ਫਰਾਰ ਹੈ|
29 ਸਾਲ ਪਹਿਲਾਂ ਵਾਪਰੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਲੋਂ ਗ੍ਰਿਫਤਾਰੀ ਤੋਂ ਬਚਣ ਲਈ ਆਪਣੀ ਸੁਰੱਖਿਆ ਛੱਤਰੀ ਛੱਡ ਕੇ ਰੂਪੋਸ਼  ਹੋਣ ਦੀ            ਨਿਖੇਧੀ ਕਰਦਿਆਂ ਉਹਨਾਂ ਇਸ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਨੂੰ ਦੋਸ਼ੀ ਠਹਿਰਾਇਆ ਹੈ| ਉਹਨਾਂ ਕਿਹਾ ਕਿ ਮਾਮੂਲੀ ਕ੍ਰਾਈਮ ਕਰਨ ਵਾਲੇ ਕਥਿਤ ਸਿੱਖ ਵਰਗ ਦੇ ਦੋਸ਼ੀਆਂ ਨੂੰ ਤਾਂ ਪੁਲੀਸ ਝੱਟ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਹਜਾਰਾਂ ਪੰਜਾਬੀਆਂ ਤੇ ਸਿੱਖਾਂ ਦੇ ਕਥਿਤ ਕਤਲੇਆਮ ਦੇ ਦੋਸ਼ੀ ਤੇ ਕਥਿਤ ਲੁਟੇਰੇ ਨੂੰ ਖੁੱਲਕੇ ਬਚਣ ਦਾ ਮੌਕਾ ਦਿੰਦੀ ਹੈ|
ਉਹਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਸੁਮੇਧ ਸੈਣੀ ਤੋਂ ਵੀ ਉਵੇਂ ਹੀ ਪੁੱਛ ਪੜਤਾਲ ਕਰੇਗੀ ਜਿਵੇਂ ਸਿੱਖ ਨੌਜਵਾਨਾਂ ਨਾਲ ਕਰਦੀ ਰਹੀ ਹੈ? ਕੀ ਸੁਮੇਧ ਸੈਣੀ ਦੇ ਪਰਿਵਾਰਿਕ ਮੈਂਬਰ-ਰਿਸ਼ਤੇਦਾਰ ਥਾਣੇ ਬੁਲਾਏ ਅਤੇ ਜਲੀਲ ਕੀਤੇ ਜਾਣਗੇ? ਕੀ ਸੁਮੇਧ ਸੈਣੀ ਅਤੇ ਉਸਦੇ ਬੇਦੋਸ਼ੇ ਪਰਿਵਾਰਿਕ ਮੈਂਬਰਾਂ/ਰਿਸ਼ਤੇਦਾਰਾਂ ਉਪਰ ਵੀ ਤਸੱਦਦ ਢਾਇਆ ਜਾਵੇਗਾ ਜਿਵੇਂ ਸਿੱਖ ਨੌਜਵਾਨਾਂ ਨਾਲ ਹੁੰਦਾ ਸੀ| ਉਹਨਾਂ ਕਿਹਾ ਕਿ ਜੇਕਰ ਫਰਾਰ ਹੋ ਚੁੱਕੇ ਸਾਬਕਾ ਡੀ ਜੀ ਪੀ ਦੇ ਮਾਮਲੇ ਵਿੱਚ  ਅਜਿਹਾ ਕੁਝ ਨਹੀਂ ਹੋਇਆ ਤਾਂ 1984 ਤੋਂ ਲੈ ਕੇ 2020 ਤੱਕ ਵੀ ਬੇਦੋਸ਼ੇ ਸਿੱਖ ਨੌਜਵਾਨਾਂ ਨਾਲ ਕਿਉਂ ਹੁੰਦਾ ਰਿਹਾ? 
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਇਸ ਗੁਨਾਹਗਾਰ ਸੁਮੇਧ ਸੈਣੀ ਦੇ ਸਾਥੀ ਹਨ| ਇਸੇ ਲਈ ਇਸ ਕਥਿਤ ਭ੍ਰਿਸ਼ਟ ਅਤੇ ਖਤਰਨਾਕ ਅਪਰਾਧੀ ਨੂੰ ਬਚਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਸੈਣੀ ਬਾਦਲਾਂ ਦਾ ਖਾਸ           ਚਹੇਤਾ ਹੈ ਅਤੇ 2015 ਵਿੱਚ ਹੋਏ ਬਰਗਾੜੀ ਗੋਲੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਉਹੀ ਜ਼ਿੰਮੇਵਾਰ ਸੀ| ਉਹਨਾਂ ਕਿਹਾ ਕਿ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਜ਼ਮੀਨ, ਜਾਇਦਾਦ ਅਤੇ ਸੰਪਤੀ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਇਸ ਕੋਲ ਏਨਾ ਪੈਸਾ ਕਿਵੇਂ ਆਇਆ| ਉਹਨਾਂ  ਇਹ ਵੀ ਕਿਹਾ ਕਿ ਪੰਜਾਬ ਵਿੱਚ ਬਾਦਲ ਸਰਕਾਰ ਦੌਰਾਨ ਫੈਲੇ ਚਿਟੇ ਤੇ ਨਸ਼ਿਆਂ  ਬਾਰੇ ਵੀ ਉਸ ਤੋਂ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਜੇ ਤੱਕ ਕੋਈ ਵੱਡਾ ਡਰਗ ਸਪਲਾਈਰ ਅਤੇ ਡਰੱਗ ਕਿੰਗ ਗ੍ਰਿਫਤਾਰ ਨਹੀਂ ਹੋਇਆ|
ਉਹਨਾਂ ਕਿਹਾ ਕਿ ਬਸਪਾ ਪੰਜਾਬ ਵਿੱਚ ਸੱਤਾ ਵਿਚ ਆਉਣ ਤੇ ਹਰ ਗੱਲ ਦਾ ਹਿਸਾਬ ਪਾਈ ਪਾਈ ਦੀ ਨੀਤੀ ਤੇ ਕਰੇਗੀ ਅਤੇ ਪੀੜਿਤ ਧਿਰ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ| ਇਸ ਮੌਕੇ ਰਾਜਾ ਰਾਜਿੰਦਰ ਸਿੰਘ ਸੂਬਾ ਜਨਰਲ ਸਕੱਤਰ, ਸੁਰਿੰਦਰਪਾਲ ਸਿੰਘ ਸਹੋਰਾ, ਡਾ. ਸੁਖਦੇਵ ਚਪੜਚਿੜੀ, ਚਰਨਜੀਤ ਦੇਵੀਨਗਰ, ਡਾ. ਜਰਨੈਲ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ ਮੁਹਾਲੀ, ਹਰਨੇਕ ਸਿੰਘ ਐਸ. ਡੀ. ਓ., ਦਰਬਾਰਾ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *