ਡੀਜ਼ਲ-ਪੈਟਰੋਲ ਨੂੰ ਜੀਐਸਟੀ ਤਹਿਤ ਲਿਆਂਦਾ ਜਾਵੇ :ਬਾਜਵਾ

ਚੰਡੀਗੜ੍ਹ, 4 ਸਤੰਬਰ (ਸ.ਬ.) ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਰਿਕਾਰਡ ਤੋੜ ਵਾਧੇ ਲਈ ਕੇਂਦਰ ਸਰਕਾਰ ਦੀਆਂ ਨੁਕਸਦਾਰ ਨੀਤੀਆਂ ਦੀ ਕਰੜੀ ਨਿੰਦਾ ਕੀਤੀ ਹੈ ਉਥੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਹੁਣ ਉਹ ਇਸ ਮਸਲੇ ਉਤੇ ਡਾ. ਮਨਮੋਹਨ ਸਿੰਘ ਨੂੰ ਦਿੱਤੀਆਂ ਗਈਆਂ ਆਪਣੀਆਂ ਸਲਾਹਾਂ ਉੱਤੇ ਖੁਦ ਅਮਲ ਕਰਨ|
ਸ਼੍ਰੀ ਬਾਜਵਾ ਨੇ ਮੰਗ ਕੀਤੀ ਹੈ ਕਿ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਸਿਸਟਮ ਅੰਦਰ ਲਿਆਂਦਾ ਜਾਵੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਵੈਟ ਦੀਆਂ ਦਰਾਂ ਵਿਚ ਤੁਰੰਤ ਕਮੀ ਕੀਤੀ ਜਾਵੇ| ਸ੍ਰ. ਬਾਜਵਾ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ| ਸ਼੍ਰੀ ਮੋਦੀ ਨੇ ਇਸ ਮਾਮਲੇ ਬਾਰੇ ਹੁਣ ਚੁੱਪ ਕਿਉਂ ਧਾਰੀ ਹੋਈ ਹੈ? ਸ੍ਰੀ ਮੋਦੀ ਨੇ ਇੱਕ ਸਮੇਂ ਡਾ. ਮਨਮੋਹਨ ਸਿੰਘ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਸੀ ਅਤੇ ਸ਼੍ਰੀ ਮੋਦੀ 2014 ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੂੰ ਦਿੱਤੀਆਂ ਗਈਆਂ ਆਪਣੀਆਂ ਸਲਾਹਾਂ ਉੱਤੇ ਖੁਦ ਅਮਲ ਕਰਨ ਕਿਉਂਕਿ ਹੁਣ ਹਾਲਾਤ ਬਹੁਤ ਹੀ ਬਦਤਰ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ|
ਕੈਬਨਿਟ ਮੰਤਰੀ ਨੇ ਕਿਹਾ ਕਿ ਮਈ 2014 ਅਤੇ ਸਤੰਬਰ 2017 ਦੇ ਅਰਸੇ ਦੌਰਾਨ ਪੈਟਰੋਲ ਤੇ ਡੀਜ਼ਲ ਉੱਤੇ ਲੱਗਣ ਵਾਲੀ ਅਕਸਾਈਜ਼ ਡਿਊਟੀ ਵਿਚ 12 ਵਾਰੀ ਵਾਧਾ ਕੀਤਾ ਗਿਆ| ਉਹਨਾਂ ਕਿਹਾ ਕਿ ਇਸ ਅਰਸੇ ਵਿਚ ਪੈਟਰੋਲ ਉੱਤੇ ਅਕਸਾਈਜ਼ ਡਿਊਟੀ ਵਿਚ 54 ਫੀਸਦੀ ਅਤੇ ਵੈਟ ਵਿਚ 46 ਫੀਸਦੀ ਵਾਧਾ ਕੀਤਾ ਗਿਆ ਜਦੋਂ ਕਿ ਡੀਜ਼ਲ ਉੱਤੇ ਅਕਸਾਈਜ਼ ਡਿਊਟੀ ਵਿਚ 154 ਫੀਸਦੀ ਅਤੇ ਵੈਟ ਵਿਚ 48 ਫੀਸਦੀ ਵਾਧਾ ਹੋਇਆ| ਉਹਨਾਂ ਕਿਹਾ ਕਿ ਸ੍ਰੀ ਮੋਦੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਵਿਚ ਹੋਏ ਵਾਧੇ ਬਾਰੇ ਸੋਚਣਾ ਚਾਹੀਦਾ ਹੈ| ਮੁੱਢਲੀਆਂ ਜਰੂਰਤਾਂ ਦੀਆਂ ਇਹਨਾਂ ਵਸਤਾਂ ਵਿਚ ਹੋਏ ਬੇਤਹਾਸ਼ਾ ਵਾਧੇ ਨੇ ਸਮੁੱਚੇ ਅਰਥਚਾਰੇ ਉੱਤੇ ਬਹੁਤ ਹੀ ਬੁਰਾ ਅਸਰ ਪਾਇਆ ਹੈ ਅਤੇ ਸਿੱਟੇ ਵਜੋਂ ਲੋਕਾਂ ਦਾ ਜਿਉਣਾ ਦੁਭਰ ਹੋ ਗਿਆ ਹੈ|

Leave a Reply

Your email address will not be published. Required fields are marked *