ਡੀ.ਐਫ.ਪੀ. ਵੱਲੋਂ ਵਿਕਾਸ ਯੋਜਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ, 16 ਦਸੰਬਰ (ਸ.ਬ.)  ਪੰਜਾਬ ਦੀ ਜਨਤਾ, ਖ਼ਾਸ ਕਰ ਕੇ ਪਿੰਡਾਂ ਦੇ ਨਿਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਵਿਭਿੰਨ ਰਾਸ਼ਟਰੀ ਪੱਧਰ ਦੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਪ੍ਰਤੀ ਜਾਗਰੂਕ ਕਰਨ ਲਈ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਕਿ ਤਾਂ ਜੋ ਆਮ ਲੋਕ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ| ਅਰੰਭ ਵਿੱਚ ਸੂਬੇ ਦੇ 12 ਜ਼ਿਲ੍ਹਿਆਂ ਨੂੰ ਇਸ ਮੁਹਿੰਮ ਲਈ ਚੁਣਿਆ ਗਿਆ ਹੈ| ਇਸ ਨੂੰ ਮੰਤਰਾਲੇ ਦੇ ਡਾਇਰੈਕਟੋਰੇਟ ਆਫ ਫ਼ੀਲਡ ਪਬਲੀਸਿਟੀ (ਡੀ.ਐਫ਼.ਪੀ.) ਰਾਹੀਂ ਲਾਂਚ ਕੀਤਾ ਗਿਆ ਹੈ, ਜਿਸ ਨੇ ਜਾਗਰੂਕਤਾ ਮੁਹਿੰਮਾਂ ਦੇ ਆਯੋਜਨ ਲਈ ਇੱਥ ਪੇਸ਼ੇਵਰਾਨਾ ਏਜੰਸੀ ਦੀਆਂ ਸੇਵਾਵਾਂ ਲਈਆਂ ਹਨ|
ਇਹ ਏਜੰਸੀ ਇਨ੍ਹਾਂ ਜ਼ਿਲ੍ਹਿਆਂ ਦੇ ਵਿਭਿੰਨ ਪਿੰਡਾਂ ਵਿੱਚ ਦਿਨ ਭਰ ਪਿੰਡਾਂ ਦੇ ਨਿਵਾਸੀਆਂ ਨੂੰ ਸਿੱਖਿਅਤ ਕਰਨ ਦੇ ਪ੍ਰੋਗਰਾਮ ਕਰਵਾਉਂਦੀ ਹੈ| ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਬਰਨਾਲਾ, ਫ਼ਿਰੋਜ਼ਪੁਰ, ਲੁਧਿਆਣਾ, ਪਠਾਨਕੋਟ, ਪਟਿਆਲਾ, ਰੋਪੜ ਅਤੇ ਫ਼ਾਜ਼ਿਲਕਾ ਸ਼ਾਮਲ ਹਨ|
ਇਨ੍ਹਾਂ ਪ੍ਰੋਗਰਾਮਾਂ ਦੌਰਾਨ, ਜਿਨ੍ਹਾਂ ਨੂੰ ‘ਖ਼ੁਸ਼ਹਾਲੀ ਦਿਵਸ’ ਦਾ ਨਾਮ ਦਿੱਤਾ ਗਿਆ ਹੈ, ਇਹ ਦਰਅਸਲ ਵਿਸ਼ਾ ਆਧਾਰਤ ਨਿੱਕੇ ਨਾਟਕ ਤੇ ਨੁੱਕੜ ਨਾਟਕ ਹਨ, ਜਿਨ੍ਹਾਂ ਦਾ ਮੰਚਨ ਕੀਤਾ ਜਾ ਰਿਹਾ ਹੈ ਅਤੇ ਜਨਤਾ ਨੂੰ ਜਾਗਰੂਕ ਕਰਨ ਲਈ ਵਿਭਿੰਨ ਯੋਜਨਾਵਾਂ ਦੀਆਂ ਵਿਡੀਓ ਫ਼ਿਲਮਾਂ ਵਿਖਾਈਆਂ ਜਾ ਰਹੀਆਂ ਹਨ| ਲੋਕਾਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਸ਼ਾ ਬੀਮਾ ਯੋਜਨਾ (ਪੀ.ਐਮ.ਐਸ.ਬੀ.ਐਮ.ਵਾਇ.), ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ (ਪੀ.ਐਮ.ਜੇ.ਜੇ.ਬੀ.ਵਾਇ.), ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਮੁਦਰਾ, ਬੇਟੀ ਬਚਾਓ-ਬੇਟੀ ਪੜ੍ਹਾਓ ਆਦਿ ਜਿਹੇ ਸੰਸਥਾਗਤ ਪ੍ਰੋਗਰਾਮਾਂ ਦਾ ਲਾਭ  ਕਿਵੇਂ ਲੈਣਾ ਹੈ| ਹੁਣ ਤੱਕ ਸਮੁੱਚੇ ਦੇਸ਼ ਵਿੱਚ 25.82 ਕਰੋੜ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ, 9.78 ਕਰੋੜ ਪੀ.ਐਮਐਸ.ਬੀ.ਐਮ.ਵਾਇ. ਪਾਲਿਸੀਆਂ ਅਤੇ 3.07 ਕਰੋੜ ਜੀਵਨ ਜਿਓਤੀ ਬੀਮਾ ਪਾਲਿਸੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ| ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਟਲ ਪੈਨਸ਼ਨ ਯੋਜਨਾ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ|
ਡਾਇਰੈਕਟੋਰੇਟ ਆਫ ਫ਼ੀਲਡ ਪਬਲੀਸਿਟੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ੍ਰੀਮਤੀ ਨੀਲਮ ਕਪੂਰ ਨੇ ਵੀ ਪਿੱਛੇ ਜਿਹੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਪਿੰਡਾਂ ਦਾ ਦੌਰਾ ਕਰ ਕੇ ਇਸ ਜਾਗਰੂਕਤਾ ਮੁਹਿੰਮ ਦਾ ਜਾਇਜ਼ਾ ਲਿਆ| ਉਨ੍ਹਾਂ ਨੇ ਸੰਗਨਾ ਅਤੇ ਸੋਹੀਆਂ ਕਲਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਜਿਹੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਇਨ੍ਹਾਂ ਯੋਜਨਾਵਾਂ ਤੋਂ ਪੁੱਜਣ ਵਾਲੇ ਫ਼ਾਇਦਿਆਂ ਤੋਂ ਜਾਣੂ ਕਰਵਾਇਆ|
ਡੀ.ਐਫ਼.ਪੀ. ਦੇ ਖੇਤਰੀ (ਉੱਤਰ-ਪੱਛਮੀ) ਡਾਇਰੈਕਟਰ ਸ੍ਰੀ ਆਸ਼ੀਸ਼ ਗੋਇਲ ਅਨੁਸਾਰ ਇਨ੍ਹਾਂ ਯੋਜਨਾਵਾਂ ਅਤੇ ਨੋਟਬੰਦੀ ਬਾਰੇ ਹੈਂਡ-ਬਿਲਜ਼ ਵੀ ਆਮ ਜਨਤਾ ਵਿੱਚ ਵੰਡੇ ਜਾ ਰਹੇ ਹਨ|

Leave a Reply

Your email address will not be published. Required fields are marked *