ਡੀ.ਐਸ.ਪੀ. ਦਾ ਲੜਕਾ ਨਸ਼ੇ ਦੀ ਹਾਲਤ ਵਿੱਚ 3 ਜ਼ਿੰਦਾ ਕਾਰਤੂਸ ਸਮੇਤ ਕਾਬੂ

ਸੋਨੀਪਤ, 16 ਦਸੰਬਰ (ਸ.ਬ.) ਪੁਲੀਸ ਨੇ ਡੀ.ਐਸ.ਪੀ. ਦੇ ਲੜਕੇ ਅਤੇ ਇਕ ਹੋਰ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗੈਰ-ਕਾਨੂੰਨੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ| ਦੋਸ਼ੀ ਦੇ ਪਿਤਾ ਫਿਲਹਾਲ ਹਿਸਾਰ ਵਿੱਚ ਤਾਇਨਾਤ ਹਨ| ਪੁਲੀਸ ਨੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕਰ ਲਏ ਹਨ| ਦੋਵੇਂ ਦੋਸ਼ੀ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਸਨ| ਬੀਤੀ ਰਾਤ ਏ.ਐਸ.ਆਈ. ਬਿਜੇਂਦਰ ਆਪਣੀ ਪੁਲੀਸ ਟੀਮ ਨਾਲ ਗਸ਼ਤ ਕਰ ਰਹੇ ਸਨ| ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ 2 ਨੌਜਵਾਨ ਸ਼ਹਿਰ ਦੇ ਬਾਈਪਾਸ ਤੇ ਸਥਿਤ ਇਕ ਢਾਬੇ ਤੇ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਹਨ| ਸ਼ਰਾਬੀਆਂ ਨੂੰ ਕਾਬੂ ਕਰਨ ਲਈ ਪੁਲੀਸ ਬਾਈਪਾਸ ਸਥਿਤ ਢਾਬੇ ਤੇ ਪੁੱਜੀ ਤਾਂ ਪੁਲੀਸ ਨੂੰ ਉੱਥੇ 2 ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਮਿਲੇ|
ਪੁਲੀਸ ਜਦੋਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਲੱਗੀ ਤਾਂ ਉਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਆਪਣੇ ਜੇਬ ਤੋਂ ਪਿਸਤੌਲ ਨੂੰ ਕੱਢ ਕੇ ਢਾਬੇ ਦੀ ਰਸੋਈ ਵੱਲ ਸੁੱਟ ਦਿੱਤਾ, ਜਿਸ ਨੂੰ ਪੁਲੀਸ ਕਰਮਚਾਰੀਆਂ ਨੇ ਦੇਖ ਲਿਆ| ਸੁੱਟੇ ਗਏ ਪਿਸਤੌਲ ਦੀ ਪੁਲੀਸ ਨੇ ਜਾਂਚ ਕੀਤੀ ਤਾਂ ਉਸ ਵਿੱਚ 3 ਜ਼ਿੰਦਾ ਕਾਰਤੂਸ  ਮਿਲੇ| ਦੋਸ਼ੀਆਂ ਨੇ ਆਪਣੀ ਪਛਾਣ ਰੋਹਣਾ ਹਾਲ ਸਮੇਂ ਖਰਖੌਦਾ ਵਾਸੀ ਵਿਪੁਲ ਉਰਫ ਬਿੱਟੂ ਅਤੇ ਹੁਮਾਯੁੰਪੁਰ, ਰੋਹਤਕ ਵਾਸੀ ਰਿਸ਼ੀ ਪ੍ਰਕਾਸ਼ ਦੇ ਰੂਪ ਵਿੱਚ ਦਿੱਤੀ ਹੈ| ਵਿਪੁਲ ਉਰਫ ਬਿੱਟੂ ਨੂੰ ਡੀ.ਐਸ.ਪੀ. ਅਨੂਪ ਦਾ ਬੇਟਾ ਦੱਸਿਆ ਜਾ ਰਿਹਾ ਹੈ| ਡੀ.ਐਸ.ਪੀ. ਅਨੂਪ ਫਿਲਹਾਲ ਹਿਸਾਰ ਵਿੱਚ ਤਾਇਨਾਤ ਹਨ| ਪੁਲੀਸ ਨੇ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ|

Leave a Reply

Your email address will not be published. Required fields are marked *