ਡੀ ਸੀ ਦਫਤਰ ਅਤੇ ਜਿਲ੍ਹਾ ਅਦਾਲਤਾਂ ਵਿੱਚ ਪਾਰਕਿੰਗ ਠੇਕੇਦਾਰ ਕਰਦੇ ਹਨ ਲੋਕਾਂ ਤੋਂ ਵੱਧ ਵਸੂਲੀ : ਜੇ ਪੀ ਸਿੰਘ

ਡੀ ਸੀ ਦਫਤਰ ਅਤੇ ਜਿਲ੍ਹਾ ਅਦਾਲਤਾਂ ਵਿੱਚ ਪਾਰਕਿੰਗ ਠੇਕੇਦਾਰ ਕਰਦੇ ਹਨ ਲੋਕਾਂ ਤੋਂ ਵੱਧ ਵਸੂਲੀ : ਜੇ ਪੀ ਸਿੰਘ
ਪਾਰਕਿੰਗ ਰੇਟਾਂ ਦੀ ਜਾਣਕਾਰੀ ਵਾਲੇ ਬੋਰਡ ਨਾ ਲੱਗੇ ਹੋਣ ਕਾਰਨ ਹੁੰਦੀ ਹੈ ਵਾਹਨ ਚਾਲਕਾਂ ਦੀ ਲੁੱਟ
ਐਸ ਏ ਐਸ ਨਗਰ, 14 ਨਵੰਬਰ (ਸ.ਬ.) ਸਥਾਨਕ ਸੈਕਟਰ 76 ਵਿੱਚ ਸਥਿਤ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਅਤੇ ਜਿਲ੍ਹਾ ਜੁਡੀਸ਼ਿਅਲ ਕਾਂਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਤੋਂ ਪਾਰਕਿੰਗ ਠੇਕੇਦਾਰ ਵਲੋਂ 20 ਰੁਪਏ ਪਾਰਕਿੰਗ ਫੀਸ ਵਜੋਂ ਵਸੂਲੇ ਜਾਂਦੇ ਹਨ ਜਦੋਂਕਿ ਇੱਕ ਵਾਰ ਦਾਖਿਲ ਹੋਣ ਲਈ ਪਾਰਕਿੰਗ ਫੀਸ 10 ਰੁਪਏ ਅਤੇ ਪੂਰੇ ਦਿਨ ਵਿੱਚ ਕਈ ਵਾਰ ਆਉਣ ਜਾਣ ਦੀ ਫੀਸ 20 ਰੁਪਏ ਹੈ ਪਰੰਤੂ ਪਾਰਕਿੰਗ ਦੇ ਠੇਕੇਦਾਰ ਵਲੋਂ ਇੱਥੇ ਆਉਣ ਵਾਲੇ ਹਰੇਕ ਵਾਹਨ ਚਾਲਕ ਤੋਂ 20 ਰੁਪਏ ਹੀ ਵਸੂਲੇ ਜਾਂਦੇ ਹਨ ਅਤੇ ਜੇਕਰ ਕੋਈ ਵਾਹਨ ਚਾਲਕ ਇਹਨਾਂ ਤੋਂ ਇੱਕ ਵਾਰ ਦੀ ਐਂਟਰੀ ਵਾਲੀ 10 ਰੁਪਏ ਦੀ ਪਰਚੀ ਕੱਟਣ ਲਈ ਆਖੇ ਤਾਂ ਇਹ ਸਾਫ ਇਨਕਾਰ ਕਰ ਦਿੰਦੇ ਹਨ ਅਤੇ ਵਾਹਨ ਚਾਲਕ ਨਾਲ ਮੰਦਾ ਚੰਗਾ ਬੋਲਦੇ ਹਨ|
ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਦੋਵਾਂ ਥਾਂਵਾਂ ਤੇ ਹੀ ਪਾਰਕਿੰਗ ਠੇਕੇਦਾਰ ਆਮ ਲੋਕਾਂ ਦੀ ਖੁੱਲੀ ਲੁੱਟ ਕਰ ਰਹੇ ਹਨ| ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਕੰਮ ਲਈ ਜਿਲ੍ਹਾ ਪ੍ਰਸ਼ਾਸ਼ਕੀ ਦਫਤਰ ਜਾਣਾ ਪਿਆ ਤਾਂ ਅੱਗੇ ਪਾਰਕਿੰਗ ਠੇਕੇਦਾਰ ਨੇ ਉਹਨਾਂ ਤੋਂ 20 ਰੁਪਏ ਦੀ ਪਾਰਕਿੰਗ ਫੀਸ ਮੰਗੀ| ਉਹਨਾਂ ਕਿਹਾ ਕਿ ਉਹਨਾਂ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਨੂੰ ਕਿਹਾ ਕਿ ਇੱਕ ਵਾਰ ਦੀ ਪਰਚੀ 10 ਰੁਪਏ ਲੱਗਦੀ ਹੈ ਪਰੰਤੂ ਉਹ ਨਹੀਂ ਮੰਨਿਆ ਅਤੇ ਜਿੱਥੇ ਮਰਜੀ ਸ਼ਿਕਾਇਤ ਕਰਨ ਲਈ ਵੰਗਾਰਨ ਲੱਗ ਪਿਆ| ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਪੁੱਛਿਆ ਕਿ ਪਾਰਕਿੰਗ ਦੇ ਰੇਟਾਂ ਵਾਲਾ ਬੋਰਡ ਕਿੱਥੇ ਹੈ ਤਾਂ ਉਸਨੇ ਕਿਹਾ ਕਿ ਇੱਥੇ ਕੋਈ ਬੋਰਡ ਨਹੀਂ ਹੈ ਅਤੇ ਪੂਰੇ ਪੈਸੇ ਦੇਣੇ ਪੈਣਗੇ|
ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਜਿਲ੍ਹਾ ਅਦਾਲਤ ਦੀ ਪਾਰਕਿੰਗ ਦਾ ਵੀ ਇਹੀ ਹਾਲ ਹੈ ਅਤੇ ਉੱਥੇ ਵੀ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਵਾਹਨ ਚਾਲਕ ਦੀ 20 ਰੁਪਏ ਦੀ ਹੀ ਪਰਚੀ ਕੱਟਦੇ ਹਨ ਜੋ ਕਿ ਸਾਰੇ ਦਿਨ ਲਈ ਹੁੰਦੀ ਹੈ| ਉਹਨਾਂ ਕਿਹਾ ਕਿ ਅਸਲ ਵਿੱਚ ਪਾਰਕਿੰਗ ਠੇਕੇਦਾਰ ਅਜਿਹਾ ਜਾਣ ਬੁੱਝ ਕੇ ਕਰਦੇ ਹਨ ਅਤੇ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕ ਉਹਨਾਂ ਨੂੰ ਚੁੱਪ ਚਾਪ ਪੈਸੇ ਅਦਾ ਕਰ ਦਿੰਦੇ ਹਨ| ਉਹਨਾਂ ਕਿਹਾ ਕਿ ਜੁਡੀਸ਼ਿਅਲ ਕਾਂਪਲੈਕਸ ਦੇ ਪਾਰਕਿੰਗ ਠੇਕੇਦਾਰ ਨੇ ਵੀ ਪਹਿਲਾਂ ਉਹਨਾਂ ਦੀ 20 ਰੁਪਏ ਦੀ ਪਰਚੀ ਕੱਟ ਦਿੱਤੀ ਅਤੇ ਜਦੋਂ ਉਹਨਾਂ ਨੇ ਉਸ ਨਾਲ ਬਹਿਸ ਕੀਤੀ ਤਾਂ ਉਸਨੇ 10 ਰੁਪਏ ਦੀ ਪਰਚੀ ਕੱਟ ਕੇ ਉਹਨਾਂ ਨੂੰ ਦਿੱਤੀ|
ਸ੍ਰ. ਜੇ ਪੀ ਸਿੰਘ ਨੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸੈਸ਼ਨ ਜੱਜ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਜਰਸ਼ਾਨੀ ਕਰਨ ਅਤੇ ਪਾਰਕਿੰਗ ਠੇਕੇਦਾਰਾਂ ਵਲੋਂ ਇਸ ਤਰੀਕੇ ਨਾਲ ਆਮ ਲੋਕਾਂ ਦੀ ਲੁੱਟ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਵਾਉਣ ਕਿਉਂਕਿ ਇਸ ਕਾਰਨ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ| ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਪਾਰਕਿੰਗ ਦੇ ਰੇਟਾਂ ਵਾਲੇ ਬੋਰਡ ਵੀ ਲਗਵਾਏ ਜਾਣ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਦੀ ਲੁੱਟ ਨਾ ਹੋਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਜੀ ਏ ਟੁ ਡਿਪਟੀ ਕਮਿਸ਼ਨਰ ਸ੍ਰੀ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਣਗੇ| ਉਹਨਾਂ ਕਿਹਾ ਕਿ ਪਾਰਕਿੰਗ ਠੇਕੇਦਾਰ ਵਲੋਂ ਅਜਿਹਾ ਕਰਨ ਦੀ ਸ਼ਿਕਾਇਤ ਇੱਕ ਵਾਰ ਪਹਿਲਾਂ ਵੀ ਆ ਚੁੱਕੀ ਹੈ ਅਤੇ ਉਸ ਵੇਲੇ ਉਸਦੀ ਤਾੜਨਾ ਕੀਤੀ ਗਈ ਸੀ| ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਪਾਰਕਿੰਗ ਠੇਕੇਦਾਰ ਵਲੋਂ ਪਾਰਕਿੰਗ ਦੇ ਰੇਟਾਂ ਦਾ ਬੋਰਡ ਲਗਵਾਇਆ ਜਾਵੇ ਅਤੇ ਕਿਸੇ ਤੋਂ ਵੀ ਵੱਧ ਵਸੂਲੀ ਨਾ ਕੀਤੀ ਜਾਵੇ| ਉਹਨਾਂ ਸਾਫ ਕਿਹਾ ਕਿ ਚਾਰ ਪਹੀਆ ਵਾਹਨਾ ਲਈ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਵਿੱਚ ਇੱਕ ਵਾਰ ਦੀ ਐਂਟਰੀ ਦੀ ਪਾਰਕਿੰਗ ਫੀਸ 10 ਰੁਪਏ ਹੈ ਅਤੇ ਇਸ ਸੰਬੰਧੀ ਪਾਰਕਿੰਗ ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *