ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੀ ਹੜਤਾਲ ਜਾਰੀ, ਭੁੱਖ ਹੜਤਾਲ ਆਰੰਭ

ਐਸ. ਏ. ਐਸ ਨਗਰ, 29 ਅਗਸਤ (ਸ.ਬ.) ਪੰਜਾਬ ਰਾਜ ਜਿਲ੍ਹਾ ਐਸ. ਏ. ਐਸ ਨਗਰ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਵਲੋਂ ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੜਤਾਲ ਅੱਜ ਵੀ ਜਾਰੀ ਹੈ ਅਤੇ ਕਰਮਚਾਰੀਆਂ ਵਲੋਂ ਅੱਜ ਤੋਂ ਭੁੱਖ ਹੜਤਾਲ ਵੀ ਆਰੰਭ ਕਰ ਦਿੱਤੀ ਗਈ ਹੈ| ਸੰਸਥਾ ਦੀ ਸੂਬਾ ਇਕਾਈ ਦੇ ਚੇਅਰਮੈਨ ਸ੍ਰੀ ਉਮ ਪ੍ਰਕਾਸ਼ ਨੇ ਦੱਸਿਆ ਕਿ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਤਹਿਤ ਡੀ. ਸੀ. ਦਫਤਰ, ਐਸ. ਡੀ. ਐਮ ਦਫਤਰ ਅਤੇ ਤਹਿਸੀਲ ਦਫਤਰ ਦੇ ਕਰਮਚਾਰੀਆਂ ਵੱਲੋਂ ਮੁੰਕਮਲ ਕੰਮ ਬੰਦ ਕਰਕੇ ਅੱਜ ਤੋਂ ਭੁੱਖ ਹੜਤਾਲ ਕੀਤੀ ਗਈ ਹੈ| ਇਸ ਤਹਿਤ ਡੀ. ਸੀ. ਦਫਤਰ ਐਸ.ਡੀ.ਐਮ ਦਫਤਰ ਅਤੇ ਤਹਿਸੀਲ ਦਫਤਰ ਦੇ ਕਰਮਚਾਰੀਆਂ ਵੱਲੋਂ ਮੁੰਕਮਲ ਕੰਮ ਬੰਦ ਕੀਤਾ ਗਿਆ ਹੈ ਅਤੇ ਜਿਲ੍ਹਾ ਅਤੇ ਸਬ ਡਵੀਜਨ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗੀਆਂ ਗਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਡੀ. ਸੀ. ਦਫਤਰ ਦੇ ਕਾਮੇ ਆਉਣ ਵਾਲੇ ਦਿਨਾਂ ਵਿੱਚ ਦਫਤਰਾਂ ਨੂੰ ਤਾਲੇ ਲਾਉਣ ਲਈ ਮਜਬੂਰ ਹੋਣਗੇ ਜਿਸ ਨਾਲ ਆਮ ਪਬਲਿਕ ਦੇ ਰੋਜਾਨਾ ਦੇ ਕੰਮ ਅਤੇ ਰਜਿਸਟਰੇਸ਼ਨ ਕੰਮ ਅਤੇ ਹੋਰ ਦਫਤਰੀ ਕੰਮ ਪ੍ਰਭਾਵਿਤ ਹੋਣਗੇ ਅਤੇ ਇਸਦੀ ਜਿੰਮੇਵਾਰੀ ਸਰਕਾਰ ਦੀ ਆਪਣੀ ਹੋਵੇਗੀ| ਯੂਨੀਅਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋਂ ਹਰੇਕ ਦਫਤਰੀ ਕਾਮਾ ਪ੍ਰੇਸ਼ਾਨ ਹੈ| ਸਰਕਾਰ ਕਰਮਚਾਰੀਆਂ ਨੂੰ ਕੁਝ ਦੇਣ ਦੀ ਬਜਾਏ ਪਹਿਲੇ ਦਿੱਤੇ ਲਾਭ ਵਾਪਿਸ ਲੈ ਕੇ ਮੁਲਾਜਮ ਮਾਰੂ ਨੀਤੀਆਂ ਤਹਿਤ ਆਪਣਾ ਚਿਹਰਾ ਨੰਗਾ ਕਰ ਰਹੀ ਹੈ| ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ, ਪੱਤਰ ਮਿਤੀ 15.1.2015 ਵਾਪਸ ਲੈ ਕੇ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰੀ ਤਨਖਾਹ ਅਤੇ ਭੱਤੇ ਦੇਣੇ ਚਾਲੂ ਕਰਨ, ਛੇਵੇਂ ਤਨਖਾਹ ਕਮਿਸ਼ਨ ਪੰਜਾਬ ਪਾਸੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨ, ਏ. ਸੀ. ਪੀ. ਸਕੀਮ ਅਧੀਨ ਹਾਇਰ ਤਨਖਾਹ ਸਕੇਲ ਦੇਣਾ ਚਾਲੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਕਦ ਦੇਣ ਸਬੰਧੀ ਵੀ ਨੇੜੇ ਭਵਿੱਖ ਵਿੱਚ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਹੈ ਸਗੋਂ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ (ਡਿਵਲਪਮੈਂਟ ਟੈਕਸ) ਅਤੇ ਡੋਪ ਟੈਸਟ ਦਾ ਵਾਧੂ ਬੋਝ ਹਰੇਕ ਮੁਲਾਜਮ ਤੇ ਪਾਇਆ ਜਾ ਰਿਹਾ ਹੈ|
ਇਸ ਮੌਕੇ ਕਰਮਚਾਰੀ ਆਗੂ ਕੁਲਦੀਪ ਸਿੰਘ ਚੇਅਰਮੈਨ, ਸੁਨੀਤ ਸ਼ਰਮਾ, ਨਿੱਜੀ ਸਹਾਇਕ ਟੂ ਡੀ. ਸੀ. ਵਿੱਤ ਸਕੱਤਰ, ਜਸਵੰਤ ਸਿੰਘ ਅਤੇ ਹੋਰ ਕਰਮਚਾਰੀ ਹਰਪ੍ਰੀਤ ਸਿੰਘ, ਮਨੋਜ ਕੁਮਾਰ ਜੂਨੀਅਰ ਸਹਾਇਕ, ਵਿਜੈ ਪ੍ਰਭਾਕਰ, ਚਰਨਜੀਤ ਕੌਰ, ਰਿਤੂ ਕਪੂਰ, ਹਰਜੀਤ ਕੌਰ, ਸੋਨਿਕ ਮਹਿਤਾ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਗੁਰਮੀਤ ਸਿੰਘ, ਵਿਜੈ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਕੁਮਾਰ, ਕੁਲਦੀਪ ਸਿੰਘ ਅਤੇ ਹੋਰ ਸਟਾਫ ਹਾਜਰ ਸਨ|

Leave a Reply

Your email address will not be published. Required fields are marked *