ਡੀ ਸੀ ਦਫਤਰ ਕਾਮੇ 4 ਅਪ੍ਰੈਲ ਨੂੰ ਗੇਟ ਰੈਲੀਆਂ ਕਰਕੇ ਬਜਟ ਦੀਆਂ ਕਾਪੀਆਂ ਸਾੜਨਗੇ

ਐਸ ਏ ਐਸ ਨਗਰ, 26 ਮਾਰਚ (ਸ.ਬ.) ਦਫਤਰ ਕਰਮਚਾਰੀ ਯੂਨੀਅਨ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਰੈਲੀ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਸ੍ਰੀ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੌਜੂਦਾ ਬਜਟ ਮੁਲਾਜਮਾਂ ਲਈ ਸਭ ਤੋਂ ਨਾ ਉਮੀਦਾਂ ਬਜਟ ਹੈ| ਇਸ ਬਜਟ ਨਾਲ ਸਰਕਾਰ ਦਾ ਮੁਲਾਜਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ| ਪੰਜਾਬ ਸਰਕਾਰ ਨੇ ਇਸ ਬਜਟ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਪਿਛਲੇ 22 ਮਹੀਨਿਆਂ ਦੇ ਮਹਿੰਗਾਈ ਭੱਤੇ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸਤਾਂ, ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਨਵੀਂ ਭਰਤੀ ਕਰਨ ਸਮੇਤ ਹੋਰ ਕਈ ਮੁਲਾਜਮਾਂ ਨਾਲ ਸਬੰਧਿਤ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਮੱਦਾਂ ਨੂੰ ਲਾਗੂ ਕਰਨ ਲਈ ਕੋਈ ਪੈਸਾ ਹੀ ਤਜਵੀਜ ਨਹੀਂ ਕੀਤਾ ਗਿਆ, ਨਾ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੋਈ ਭਰੋਸਾ ਦਿੱਤਾ ਗਿਆ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਅਤੇ ਪੈਨਸਨਰਾਂ ਨੂੰ ਬਿਲਕੁਲ ਹੀ ਖੁੱਡੇ ਲਾ ਦਿਤਾ ਹੈ ਅਤੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਪੂਰੀਆਂ ਕਰਨ ਲਈ ਬਜਟ ਵਿੱਚ ਕੁਝ ਨਹੀਂ ਕੀਤਾ ਗਿਆ| ਇਸ ਤੋਂ ਇਲਾਵਾ ਪਹਿਲਾਂ ਹੀ ਆਮਦਨ ਟੈਕਸ ਦੇਣ ਵਾਲਿਆਂ ਉਪਰ 200 ਰੁਪਏ ਪ੍ਰਤੀ ਮਹੀਨਾਂ ਵਿਕਾਸ ਟੈਕਸ ਲਾ ਕੇ ਇਕ ਤਰ੍ਹਾਂ ਜਜੀਆ ਟੈਕਸ ਲਗਾ ਦਿਤਾ ਹੈ| ਇਸ ਤਰ੍ਹਾਂ ਦੇ ਜਜੀਆ ਟੈਕਸ ਨੇ ਮੁਗਲ ਕਾਲ ਦੀ ਯਾਦ ਕਰਵਾ ਦਿਤੀ ਹੈ|
ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਦੇ ਹੱਕ ਵਿੱਚ ਡੀ ਸੀ ਦਫਤਰ ਕਾਮੇ 4 ਅਪ੍ਰੈਲ ਨੂੰ ਗੇਟ ਰੈਲੀਆਂ ਕਰਕੇ ਬਜਟ ਦੀਆਂ ਕਾਪੀਆਂ ਨੂੰ ਸਾੜਨਗੇ|
ਇਸ ਮੌਕੇ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *