ਡੀ ਸੀ ਦਫਤਰ ਦੀ ਪਾਰਕਿੰਗ ਦੇ ਰੇਟ ਦਰਸ਼ਾਉਂਦੇ ਬੋਰਡ ਉਪਰ ਠੇਕੇਦਾਰ ਨੇ ਚਿਪਕਾਏ ਅਖਬਾਰ

ਡੀ ਸੀ ਦਫਤਰ ਦੀ ਪਾਰਕਿੰਗ ਦੇ ਰੇਟ ਦਰਸ਼ਾਉਂਦੇ ਬੋਰਡ ਉਪਰ ਠੇਕੇਦਾਰ ਨੇ ਚਿਪਕਾਏ ਅਖਬਾਰ
ਪਾਰਕਿੰਗ ਠੇਕੇਦਾਰ ਤੇ ਬਦਸਲੂਕੀ ਤੇ ਧਮਕੀਆਂ ਦੇਣ ਸੰਬੰਧੀ ਡੀ ਸੀ ਅਤੇ ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ
ਐਸ ਏ ਐਸ ਨਗਰ, 16 ਜਨਵਰੀ (ਸ.ਬ.) ਸਥਾਨਕ ਸੈਕਟਰ 77 ਵਿੱਚ ਸਥਿਤ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੀ ਪਾਰਕਿੰਗ ਦੇ ਠੇਕੇਦਾਰ ਵਲੋਂ ਪ੍ਰਸ਼ਾਸ਼ਨ ਵਲੋਂ ਤੈਅ ਰੇਟਾਂ ਤੋਂ ਵੱਧ ਵਸੂਲੀ ਕਰਨ ਬਾਰੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰ ਚੁੱਕੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇਪੀ ਨੇ ਇਲਜਾਮ ਲਗਾਇਆ ਹੈ ਕਿ ਪਾਰਕਿੰਗ ਠੇਕੇਦਾਰ ਨੇ ਪ੍ਰਸ਼ਾਸ਼ਨ ਵਲੋਂ ਉੱਥੇ ਲਗਵਾਏ ਗਏ ਪਾਰਕਿੰਗ ਦੇ ਰੇਟਾਂ ਵਾਲੇ ਬੋਰਡ ਤੇ ਕਾਗਜ ਚਿਪਕਾ ਦਿੱਤੇ ਹਨ ਅਤੇ ਲੋਕਾਂ ਤੋਂ ਵੱਧ ਵਸੂਲੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਇਤਰਾਜ ਕੀਤਾ ਜਾਂਦਾ ਹੈ ਤਾਂ ਪਾਰਕਿੰਗ ਠੇਕੇਦਾਰ ਵਲੋਂ ਉੱਥੇ ਆਉਣ ਵਾਲੇ ਵਾਹਨ ਚਾਲਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਅੱਜ ਇਸ ਠਕੇਦਾਰ ਵਲੋਂ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਜੇ ਪੀ ਨੇ ਕਿਹਾ ਕਿ ਉਹ ਅੱਜ ਸਵੇਰੇ 11 ਵਜੇ ਦੇ ਕਰੀਬ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਸਥਿਤ ਡੀ ਸੀ ਦਫਤਰ ਕਿਸੇ ਕੰਮ ਗਏ ਸਨ, ਜਦੋਂ ਉਹਨਾਂ ਨੇ ਇਸ ਦਫਤਰ ਦੀ ਪਾਰਕਿੰਗ ਵਿੱਚ ਆਪਣਾ ਵਾਹਨ ਖੜਾ ਕਰਨਾ ਚਾਹਿਆ ਤਾਂ ਠੇਕੇਦਾਰ ਵਲੋਂ ਵਾਹਨ ਪਾਰਕਿੰਗ ਦੀ ਨਿਰਧਾਰਿਤ ਫੀਸ 10 ਰੁਪਏ ਦੀ ਥਾਂ 20 ਰੁਪਏ ਮੰਗੇ| ਜਦੋਂ ਉਹਨਾਂ ਕਿਹਾ ਕਿ ਪਾਰਕਿੰਗ ਫੀਸ ਤਾਂ 10 ਰੁਪਏ ਹੈ ਤਾਂ ਇਸ ਠੇਕੇਦਾਰ ਵਲੋਂ ਉਹਨਾਂ ਨਾਲ ਬਦਸਲੂਕੀ ਕਰਦਿਆਂ ਅਪਸ਼ਬਦ ਬੋਲੇ ਗਏ ਅਤੇ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ| ਉਹਨਾਂ ਕਿਹਾ ਕਿ ਜੇ ਉਹ ਤੁਰੰਤ ਉਥੋਂ ਨਾ ਨਿਕਲਦੇ ਤਾਂ ਪਾਰਕਿੰਗ ਠੇਕੇਦਾਰ ਵਲੋਂ ਉਹਨਾਂ ਉਪਰ ਜਾਨਲੇਵਾ ਹਮਲਾ ਵੀ ਕੀਤਾ ਜਾ ਸਕਦਾ ਸੀ| ਉਹਨਾਂ ਕਿਹਾ ਕਿ ਇਸ ਮੌਕੇ ਠੇਕੇਦਾਰ ਵਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਤੂੰ ਪਾਰਕਿੰਗ ਫੀਸ ਸਬੰਧੀ ਆਰ ਟੀ ਆਈ ਪਾਈ ਸੀ, ਇਸ ਲਈ ਤੈਨੂੰ ਸਬਕ ਸਿਖਾਵਾਂਗੇ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਡਿਪਟੀ ਕਮਿਸ਼ਨਰ ਅਤੇ ਥਾਣਾ ਸੋਹਾਣਾ ਦੇ ਐਸ ਐਚ ਉ. ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ|
ਸ੍ਰ. ਜੇ ਪੀ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਵੱਧ ਵਸੂਲੀ ਕਰਨ ਸੰਬੰਧੀ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸਤੋਂ ਬਾਅਦ ਪ੍ਰਸ਼ਾਸਨ ਵਲੋਂ ਇਸ ਪਾਰਕਿੰਗ ਵਿੱਚ ਪਾਰਕਿੰਗ ਫੀਸ ਦਾ ਬੋਰਡ ਤਾਂ ਲਗਾ ਦਿੱਤਾ ਗਿਆ ਹੈ, ਪਰ ਇਸ ਬੋਰਡ ਉਪਰ ਠੇਕੇਦਾਰ ਨੇ ਅਖਬਾਰ ਚਿਪਕਾ ਦਿੱਤੇ ਹਨ ਤਾਂ ਕਿ ਲੋਕਾਂ ਨੂੰ ਪਾਰਕਿੰਗ ਦੇ ਸਹੀ ਰੇਟ ਨਾ ਪਤਾ ਲੱਗ ਸਕਣ| ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕਾਂ ਤੋਂ ਪਾਰਕਿੰਗ ਠੇਕੇਦਾਰ ਵਲੋਂ 20 ਰੁਪਏ ਪਾਰਕਿੰਗ ਫੀਸ ਵਜੋਂ ਵਸੂਲੇ ਜਾਂਦੇ ਹਨ ਜਦੋਂਕਿ ਇੱਕ ਵਾਰ ਦਾਖਿਲ ਹੋਣ ਲਈ ਪਾਰਕਿੰਗ ਫੀਸ 10 ਰੁਪਏ ਅਤੇ ਪੂਰੇ ਦਿਨ ਵਿੱਚ ਕਈ ਵਾਰ ਆਉਣ ਜਾਣ ਦੀ ਫੀਸ 20 ਰੁਪਏ ਹੈ ਜਦੋਂਕਿ ਪਾਰਕਿੰਗ ਦੇ ਠੇਕੇਦਾਰ ਵਲੋਂ ਇੱਥੇ ਆਉਣ ਵਾਲੇ ਹਰੇਕ ਵਾਹਨ ਚਾਲਕ ਤੋਂ 20 ਰੁਪਏ ਹੀ ਵਸੂਲੇ ਜਾਂਦੇ ਹਨ ਅਤੇ ਜੇਕਰ ਕੋਈ ਵਾਹਨ ਚਾਲਕ ਇਹਨਾਂ ਤੋਂ ਇੱਕ ਵਾਰ ਦੀ ਐਂਟਰੀ ਵਾਲੀ 10 ਰੁਪਏ ਦੀ ਪਰਚੀ ਕੱਟਣ ਲਈ ਆਖੇ ਤਾਂ ਇਹ ਸਾਫ ਇਨਕਾਰ ਕਰ ਦਿੰਦੇ ਹਨ ਅਤੇ ਵਾਹਨ ਚਾਲਕ ਨਾਲ ਮੰਦਾ ਚੰਗਾ ਬੋਲਦੇ ਹਨ|
ਉਹਨਾਂ ਕਿਹਾ ਕਿ ਜਦੋਂ ਪਾਰਕਿੰਗ ਠੇਕੇਦਾਰ ਵਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਤਾਂ ਉਹਨਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ 100 ਨੰਬਰ ਉਪਰ ਦਿੱਤੀ ਤਾਂ ਪੁਲੀਸ ਨੇ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ| ਉਹਨਾਂ ਮੰਗ ਕੀਤੀ ਕਿ ਪਾਰਕਿੰਗ ਫੀਸ ਦੇ ਵਧ ਪੈਸੇ ਵਸੂਲਣ, ਉਹਨਾਂ ਨਾਲ ਬਦਸਲੂਕੀ ਕਰਕੇ ਅਪਸਬਦ ਬੋਲਣ ਅਤੇ ਧਮਕੀਆਂ ਦੇਣ ਵਾਲੇ ਪਾਰਕਿੰਗ ਠੇਕੇਦਾਰ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਏ ਡੀ ਸੀ ਸ੍ਰੀ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗਲ ਆਈ ਹੈ ਕਿ ਪਾਰਕਿੰਗ ਠੇਕੇਦਾਰ ਵਲੋਂ ਪਾਰਕਿੰਗ ਰੇਟਾਂ ਵਾਲੇ ਬੋਰਡ ਤੇ ਕਾਗਜ ਚਿਪਕਾ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਵਿੱਚ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਪਾਰਕਿੰਗ ਠੇਕਦੇਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *