‘ਡੇਂਗੂ’ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਫ਼ੌਰੀ ਲੋੜ : ਸਿਵਲ ਸਰਜਨ

ਐਸ ਏ ਐਸ ਨਗਰ,  3 ਸਤੰਬਰ (ਸ.ਬ.) ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਦੇ ਨਾਲ-ਨਾਲ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਤੋਂ ਵੀ ਬਚਣ ਦੀ ਅਤਿਅੰਤ ਲੋੜ ਹੈ ਕਿਉਂਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਇਸ ਜਾਨਲੇਵਾ ਮੱਛਰ ਦਾ ਲਾਰਵਾ ਮਿਲਿਆ ਹੈ| 
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੂਰੀ ਤਰ੍ਹਾਂ ਸਰਗਰਮ ਹਨ, ਉਥੇ ਘਰਾਂ, ਦੁਕਾਨਾਂ ਅਤੇ ਹੋਰ ਥਾਵਾਂ ਤੇ ਜਾ ਕੇ ਚੈਕਿੰਗ ਅਤੇ ਚਲਾਨ ਦੀ ਕਾਰਵਾਈ ਦੇ ਨਾਲ-ਨਾਲ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਵੀ ਜਾਗਰੂਕ ਕਰ ਰਹੀਆਂ ਹਨ|  
ਸਿਵਲ ਸਰਜਨ ਨੇ ਕਿਹਾ ਕਿ ਇਸ ਸੰਕਟਮਈ ਸਮੇਂ ਵਿਚ ਸਾਰਿਆਂ ਨੂੰ ਡੇਂਗੂ ਜਿਹੀ ਜਾਨਲੇਵਾ ਬੀਮਾਰੀ ਤੋਂ ਵੀ ਬਚਣ ਦੀ ਓਨੀ ਹੀ ਲੋੜ ਹੈ ਜਿੰਨੀ ‘ਕੋਰੋਨਾ’ ਮਹਾਂਮਾਰੀ ਤੋਂ, ਕਿਉਂਕਿ ਦੋਹਾਂ ਬੀਮਾਰੀਆਂ ਦੀ ਇਕੋ ਸਮੇਂ ਲਾਗ ਜੋਖਮ-ਭਰਪੂਰ ਹੋ ਸਕਦੀ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਆਦਿ ਦੀ ਸਾਫ਼-ਸਫ਼ਾਈ ਕਰਨ ਵੱਲ ਧਿਆਨ                ਦੇਣ ਦੀ ਲੋੜ ਹੈ| 
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਨੇ ਦਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ|

Leave a Reply

Your email address will not be published. Required fields are marked *