ਡੇਂਗੂ ਦਾ ਕਹਿਰ: ਫੇਜ਼-6 ਦੀ ਮਹਿਲਾ ਦੀ ਡੇਂਗੂ ਨਾਲ ਮੌਤ

ਡੇਂਗੂ ਦਾ ਕਹਿਰ: ਫੇਜ਼-6 ਦੀ ਮਹਿਲਾ ਦੀ ਡੇਂਗੂ ਨਾਲ ਮੌਤ
ਜਿਲ੍ਹੇ ਵਿੱਚ ਡੇਂਗੂ ਦੇ ਮਰੀਜਾਂ ਦਾ ਅੰਕੜਾ ਡੇਢ ਹਜਾਰ ਦੇ ਪਾਰ ਪਹੁੰਚਿਆ, ਹਸਪਤਾਲ ਵਿੱਚ ਵੈਂਟੀਲੇਟਰ ਅਤੇ ਆਈ ਸੀ ਯੂ ਦਾ ਪ੍ਰਬੰਧ ਕਰਨ ਦੀ ਮੰਗ
ਐਸ.ਏ.ਐਸ. ਨਗਰ, 30 ਅਕਤੂਬਰ (ਸ.ਬ.) ਸਥਾਨਕ ਪ੍ਰਸ਼ਾਸ਼ਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਡੇਂਗੂ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ  ਅਤੇ ਬੀਤੀ ਰਾਤ ਫੇਜ਼-6 ਦੀ ਵਸਨੀਕ ਇੱਕ ਮਹਿਲਾ ਡੇਂਗੂ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦਾ ਸ਼ਿਕਾਰ ਹੋ ਗਈ| ਫੇਜ਼-6 ਦੇ ਮਕਾਨ ਨੰ: 413/7 ਦੀ ਵਸਨੀਕ ਮਹਿਲਾ ਸ਼ਕੀਲਾ ਬੇਗਮ (ਉਮਰ 48 ਸਾਲ) ਨੂੰ ਚਾਰ ਪੰਜ ਦਿਨ ਪਹਿਲਾਂ ਬੁਖਾਰ ਦੀ ਸ਼ਿਕਾਇਤ ਹੋਈ ਸੀ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਸਥਾਨਕ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿੱਥੋਂ ਬਾਅਦ ਵਿੱਚ ਡਾਕਟਰਾਂ ਵੱਲੋਂ ਉਹਨਾਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਅਤੇ ਪਲੈਟਲੈਟ ਘੱਟ ਜਾਣ ਕਾਰਨ ਅੱਜ ਤੜਕੇ ਉਸ ਦੀ ਮੌਤ ਹੋ ਗਈ|
ਸ਼ਕੀਲਾ ਬੇਗਮ ਦੇ ਪਤੀ ਸ੍ਰੀ ਮੁਖਤਿਆਰ ਅੰਸਾਰੀ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਚੈਕ ਕਰਵਾਇਆ ਗਿਆ ਸੀ ਜਿੱਥੇ ਪਹਿਲਾਂ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਬਾਅਦ ਵਿੱਚ ਇਹ ਕਹਿ ਕੇ ਉਹਨਾਂ ਦੀ ਪਤਨੀ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਲਿਜਾਣ ਲਈ ਕਿਹਾ ਕਿ ਪਲੈਟਲੈਟ ਸੈਲ ਘੱਟ ਹੋ ਜਾਣ ਕਾਰਨ ਮਰੀਜ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ| ਉਹਨਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਲੈ ਗਏ ਜਿੱਥੇ ਉਹਨਾਂ ਦੀ ਪਤਨੀ ਨੂੰ ਦਾਖਿਲ ਕੀਤਾ ਸੀ ਅਤੇ ਅੱਜ ਤੜਕਸਾਰ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ| ਉਹਨਾਂ ਕਿਹਾ ਕਿ   ਜੇਕਰ ਫੇਜ਼-6 ਦੇ ਜਿਲ੍ਹਾ ਹਸਪਤਾਲ ਵਿੱਚ ਇਲਾਜ ਦਾ ਲੋੜੀਂਦਾ ਪ੍ਰਬੰਧ ਹੀ ਨਹੀਂ ਹੈ ਤਾਂ ਫਿਰ ਇੱਥੇ ਪਹਿਲਾਂ ਮਰੀਜ ਨੂੰ ਦਾਖਿਲ ਹੀ ਕਿਉਂ ਕੀਤਾ ਜਾਂਦਾ ਹੈ|
ਵਾਰਡ ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਜਿਲ੍ਹਾ ਹਸਪਤਾਲ ਵਿੱਚ ਪੂਰੇ ਜਿਲ੍ਹੇ ਦੇ ਮਰੀਜ ਇਲਾਜ ਲਈ ਆਉਂਦੇ ਹਨ ਪ੍ਰੰਤੂ ਸਰਕਾਰ ਵੱਲੋਂ ਇੱਥੇ ਹੁਣ ਤਕ ਵੈਂਟੀਲੇਟਰ ਅਤੇ ਆਈ ਸੀ ਯੂ ਦੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ ਹੈ ਜਿਸ ਕਾਰਨ ਜਦੋਂ ਮਰੀਜ ਦੀ ਹਾਲਤ ਵਿਗੜਦੀ ਹੈ ਤਾਂ ਇੱਥੇ ਉਸਨੂੰ ਸਾਂਭਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਅਤੇ ਡਾਕਟਰ ਮਰੀਜ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰਕੇ ਆਪਣੇ ਹੱਥ ਝਾੜ ਲੈਂਦੇ ਹਨ| ਉਹਨਾਂ ਕਿਹਾ ਕਿ ਜਦੋਂ ਗੰਭੀਰ ਹਾਲਤ ਵਿੱਚ ਮਰੀਜ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਪਹੁੰਚਦਾ ਹੈ ਤਾਂ ਉੱਥੇ ਪਹਿਲਾਂ ਹੀ ਭਾਰੀ ਭੀੜ ਹੋਣ ਕਾਰਨ ਉਸਦਾ ਇਲਾਜ ਸ਼ੁਰੂ ਹੋਣ ਵਿੱਚ ਹੋਣ ਵਾਲੀ ਦੇਰੀ ਹੀ ਉਸਦੀ ਮੌਤ ਦਾ ਕਾਰਣ ਬਣ ਜਾਂਦੀ ਹੈ ਅਤੇ ਸਰਕਾਰ ਨੂੰ ਇੱਥੇ ਪਹਿਲ ਦੇ ਆਧਾਰ ਤੇ ਐਮਰਜੈਂਸੀ ਸੇਵਾਵਾਂ ਮੁਹਈਆਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ|
ਇੱਥੇ ਇਹ ਜਿਕਰਯੋਗ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਲੱਖ ਦਾਅਵਿਆਂ ਦੇ ਬਾਵਜੂਦ ਐਸ ਏ ਐਸ ਨਗਰ ਸ਼ਹਿਰ ਅਤੇ ਜਿਲ੍ਹੇ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਜਿਲ੍ਹੇ ਵਿੱਚ ਇਹ ਅੰਕੜਾ ਡੇਢ ਹਜਾਰ ਤੋਂ ਵੀ ਪਾਰ ਚਲਾ ਗਿਆ ਹੈ| ਸ਼ਹਿਰ ਵਿੱਚ ਵੀ ਡੇਂਗੂ ਦੇ ਮਰੀਜਾਂ ਦੀ ਗਿਣਤੀ ਵੀ 700 ਦੇ ਅੰਕੜੇ ਤੇ ਪਹੁੰਚ ਗਈ ਹੈ| ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਫੇਜ਼-6 ਦੀ ਉਕਤ ਮਹਿਲਾ ਦੀ ਮੌਤ ਬਾਰੇ ਪੁੱਛਣ ਤੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਦਾ ਕਹਿਣਾ ਸੀ ਕਿ ਡੇਂਗੂ ਸਬੰਧੀ ਰਿਕਾਰਡ ਡਾ. ਅਵਤਾਰ ਸਿੰਘ ਕੋਲ ਹੰਦਾ ਹੈ| ਡਾ. ਅਵਤਾਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹ ਹੁਣੇ ਮੀਟਿੰਗ ਵਿੱਚ ਹਨ ਅਤੇ ਉਹਨਾਂ ਕੋਲ ਵੀ 27 ਅਕਤੂਬਰ ਤਕ ਦਾ ਰਿਕਾਰਡ ਹੈ ਅਤੇ ਸ਼ਨੀਵਾਰ ਐਤਵਾਰ ਛੁੱਟੀ ਹੋਣ ਕਾਰਨ ਅਗਲਾ ਅੰਕੜਾ ਸ਼ਾਮ ਤਕ ਹੀ ਦੱਸ ਪਾਉਣਗੇ|
ਸੰਪਰਕ ਕਰਨ ਤੇ ਸਿਵਲ ਹਸਪਤਾਲ ਦੇ ਐਸ ਐਮ ਓ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਵੈਂਟੀਲੇਟਰ ਅਤੇ ਆਈ ਸੀ ਯੂ ਦੀ ਸਹੂਲੀਅਤ ਨਾ ਹੋਣ ਕਾਰਨ ਮਰੀਜ ਨੂੰ ਕਈ ਵਾਰ ਰੈਫਰ ਕਰਨਾ ਡਾਕਟਰ ਦੀ ਮਜਬੂਰੀ ਹੁੰਦੀ ਹੈ| ਉਹਨਾਂ ਕਿਹਾ ਕਿ          ਡੇਂਗੂ ਦੇ ਮਰੀਜਾਂ ਦੇ ਇਲਾਜ ਸੰਬੰਧੀ ਬਾਕਾਇਦਾ ਗਾਈਡ ਲਾਈਨ ਮੌਜੂਦ ਹਨ ਕਿ ਪਲੈਟਲੈਟ ਸੈਲ ਦੀ ਗਿਣਤੀ ਘੱਟ ਹੋਣ ਜਾਂ ਐਮਰਜੈਂਸੀ ਵਿੱਚ ਮਰੀਜ ਨੂੰ ਰੈਫਰ ਕੀਤਾ ਜਾਂਦਾ ਹੈ ਅਤੇ ਇਹ ਡਿਊਟੀ ਡਾਕਟਰ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਮਰੀਜ ਦੀ ਹਾਲਤ ਅਨੁਸਾਰ ਉਸਨੂੰ ਰੈਫਰ ਕਰਨ ਦਾ ਫੈਸਲਾ ਕਰਦੇ ਹਨ|

Leave a Reply

Your email address will not be published. Required fields are marked *