ਡੇਂਗੂ ਦੀ ਬਿਮਾਰੀ ਤੋਂ ਬਚਾਓ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਜਰੂਰੀ

ਕੋਰੋਨਾ ਦੀ ਮਹਾਮਾਰੀ ਦੇ ਪ੍ਰਕੋਪ ਦੌਰਾਨ ਸਰਕਾਰਾਂ ਅਤੇ ਜਨਤਾ ਦਾ ਪੂਰਾ ਧਿਆਨ ਕੋਰੋਨਾ ਤੋਂ ਬਚਾਓ ਤੇ ਹੀ ਲੱਗਿਆ ਹੋਇਆ ਹੈ ਅਤੇ ਇਸ ਦੌਰਾਨ ਸਿਹਤ ਵਿਭਾਗ ਦਾ ਪੂਰਾ ਜੋਰ ਵੀ ਇਸੇ ਪਾਸੇ ਹੈ ਜਿਸ ਕਾਰਨ ਸਮੇਂ ਸਮੇਂ ਤੇ ਫੈਲਣ ਵਾਲੀਆਂ ਹੋਰਨਾਂ ਬਿਮਾਰੀਆਂ ਤੋਂ ਬਚਾਓ ਦਾ ਕੰਮ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਿਹਾ ਹੈ| ਇਸਦਾ ਅਸਰ ਹਰ ਸਾਲ ਫੈਲਣ ਵਾਲੀ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਚੁੱਕੇ ਜਾਂਦੇ ਕਦਮਾਂ ਤੇ ਵੀ ਪਿਆ ਹੈ ਜਿਸ ਕਾਰਨ ਡੇਂਗੂ ਦੀ ਬਿਮਾਰੀ ਦੇ ਫੈਲਣ ਦਾ ਖਤਰਾ ਕਾਫੀ ਵੱਧ ਗਿਆ ਹੈ| ਇਸ ਖਤਰੇ ਦਾ ਅੰਦਾਜਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਸ਼ਹਿਰ ਦੇ ਇੱਕ ਖੇਤਰ ਦੀ ਕੀਤੀ ਗਈ ਚੈਕਿੰਗ ਦੌਰਾਨ 280 ਘਰਾਂ ਤੋਂ (ਲਗਭਗ 10 ਫੀਸਦੀ) 26 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਲਦਾ ਮਿਲਿਆ ਹੈ|
ਪਿਛਲੇ ਕਈ ਸਾਲਾਂ ਤੋਂ ਅਜਿਹਾ ਵੇਖਣ ਵਿੱਚ ਆਉਂਦਾ ਰਿਹਾ ਹੈ ਕਿ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਪੈਂਦੇ ਪਿੰਡਾਂ ਅਤੇ ਕਲੋਨੀਆਂ ਵਿੱਚ ਡੇਂਗੂ ਦੀ ਬਿਮਾਰੀ ਹਰ ਸਾਲ ਆਪਣਾ ਪ੍ਰਕੋਪ ਜਰੂਰ ਵਿਖਾਉਂਦੀ ਹੈ| ਪਿਛਲੇ ਸਾਲ ਵੀ ਸ਼ਹਿਰ ਵਿੱਚ ਇਸ ਬਿਮਾਰੀ ਦੇ ਵੱਡੀ ਗਿਣਤੀ ਮਰੀਜ ਸਾਮ੍ਹਣੇ ਆਏ ਸੀ ਅਤੇ ਹੁਣ ਜਦੋਂ ਲੋਕਾਂ ਦੇ ਘਰਾਂ ਵਿੱਚ ਵੱਡੇ ਪੱਧਰ ਤੇ ਡੇਂਗੂ ਦੇ ਮੱਛਰ ਦਾ ਲਾਰਵਾ ਮਿਲਣ ਦੀ ਗੱਲ ਸਾਮ੍ਹਣੇ ਆਈ ਹੈ ਤਾਂ ਇਸਦਾ ਖਤਰਾ ਹੋਰ ਵੀ ਵੱਧ ਗਿਆ ਹੈ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਡੇਂਗੂ ਦੀ ਬਿਮਾਰੀ ਇਸਦਾ ਵਾਇਰਸ ਫੈਲਾਉਣ ਵਾਲੇ ਮੱਛਰ ਦੇ ਕੱਟਣ ਨਾਲ ਹੀ ਫੈਲਦੀ ਹੈ ਅਤੇ ਇਸ ਬਿਮਾਰੀ ਤੋਂ ਬਚਾਉ ਲਈ ਮੱਛਰਾਂ ਤੇ ਕਾਬੂ ਕੀਤਾ ਜਾਣਾ ਹੀ ਇਸਦਾ ਇੱਕੋ ਇੱਕ ਉਪਾਅ ਹੈ| ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ| ਇਹ ਮੱਛਰ ਸ਼ਹਿਰ ਵਿੱਚਲੀਆਂ ਖਾਲੀ ਥਾਵਾਂ ਵਿੱਚ ਖੜ੍ਹਦੇ ਪਾਣੀ ਅਤੇ ਝਾੜੀਆਂ ਆਦਿ ਵਿੱਚ ਵੀ ਪਨਪਦਾ ਹੈ ਅਤੇ ਬਰਸਾਤਾਂ ਦੇ ਮੌਸਮ ਵਿੱਚ ਪਲਣ ਵਾਲਾ ਇਸਦਾ ਲਾਰਵਾ ਬਰਸਾਤਾਂ ਦੇ ਖਤਮ ਹੋਣ ਤੱਕ ਮੱਛਰਾਂ ਦੀ ਫੌਜ ਵਿੱਚ ਬਦਲ ਜਾਂਦਾ ਹੈ|
ਸਿਆਣੇ ਕਹਿੰਦੇ ਹਨ ਕਿ ਬਚਾਓ ਹਮੇਸ਼ਾ ਇਲਾਜ ਤੋਂ ਬਿਹਤਰ ਹੁੰਦਾ ਹੈ ਅਤੇ ਜਦੋਂ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਸ ਮੌਸਮ ਵਿੱਚ ਇਸ ਬਿਮਾਰੀ ਨੇ ਸ਼ਹਿਰ ਵਾਸੀਆਂ ਤੇ ਆਪਣਾ ਪ੍ਰਕੋਪ ਵਿਖਾਉਣਾ ਹੈ ਤਾਂ ਉਸਤੋਂ ਬਚਾਉ ਲਈ ਲਗਾਤਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸ ਸੰਬੰਧੀ ਜਿੱਥੇ ਸ਼ਹਿਰ ਵਾਸੀ ਆਪਣਾ ਬਣਦਾ ਯੋਗਦਾਨ ਦੇ ਸਕਦੇ ਹਨ ਉੱਥੇ ਪ੍ਰਸ਼ਾਸ਼ਨ ਵਲੋਂ ਵੀ ਇਸ ਸੰਬੰਧੀ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਥਾਂ ਥਾਂ ਤੇ ਖੜ੍ਹਦੇ ਪਾਣੀ ਅਤੇ ਉੱਥੇ ਪਲਦੀ ਮੱਛਰਾਂ ਦੀ ਫੌਜ ਦੀ ਸਮੱਸਿਆ ਦੇ ਹੱਲ ਲਈ ਸਮੇਂ ਤੇ ਲੋੜੀਂਦੇ ਕਦਮ ਚੁੱਕ ਕੇ ਅਤੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਕੇ ਇਸ ਬਿਮਾਰੀ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ| ਪਰੰਤੂ ਜੇਕਰ ਇਸ ਸੰਬੰਧੀ ਸ਼ਹਿਰਵਾਸੀਆਂ ਦੇ ਰੁੱਖ ਬਾਰੇ ਗੱਲ ਕਰੀਏ ਤਾਂ ਸਾਡੇ ਸ਼ਹਿਰ ਦੇ ਵਸਨੀਕਾਂ ਵਿੱਚ ਡੇਂਗੂ ਦੇ ਪ੍ਰਤੀ ਜਾਗਰੂਕਤਾ ਹੋਣ ਦੇ ਬਾਵਜੂਦ ਢਿੱਲ ਅਤੇ ਲਾਪਰਵਾਹੀ ਬਹੁਤ ਹੈ|
ਜਿਲ੍ਹਾ ਪ੍ਰਸ਼ਾਸ਼ਨ (ਅਤੇ ਸਿਹਤ ਵਿਭਾਗ) ਵਲੋਂ ਇਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਲਗਾਤਾਰ ਚੇਤੰਨ ਵੀ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਘਰ ਜਾਂ ਦਫਤਰ ਦੇ ਆਸ ਪਾਸ ਪਾਣੀ ਖੜ੍ਹਾ ਨਾ ਹੋਣ ਦੇਣ| ਜੇਕਰ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੇ ਘਰਾਂ ਦੇ ਬਾਹਰ ਖੱਡਿਆਂ ਵਿੱਚ ਪਾਣੀ ਇਕੱਠਾ ਨਾ ਹੋਵੇ ਅਤੇ ਅਸੀਂ ਆਪਣੇ ਘਰਾਂ ਵਿਚਲੇ ਕੂਲਰਾਂ, ਖਾਲੀ ਪਏ ਟਾਇਰਾਂ ਜਾਂ ਕਿਸੇ ਵੀ ਹੋਰ ਥਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਈਏ ਤਾਂ ਇਸ ਬਿਮਾਰੀ ਤੇ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ| ਹਾਲਾਤ ਇਹ ਹਨ ਕਿ ਲੋਕ ਆਪਣੇ ਆਸ ਪਾਸ ਤਾਂ ਵੇਖਦੇ ਹਨ ਪਰੰਤੂ ਆਮ ਤੌਰ ਤੇ ਘਰਾਂ ਦੀਆਂ ਛਤਾਂ ਤੇ ਖੜ੍ਹੇ ਹੋਣ ਵਾਲੇ ਪਾਣੀ ਵੱਲ ਘੱਟ ਹੀ ਧਿਆਨ ਦਿੰਦੇ ਹਨ ਅਤੇ ਉੱਥੇ ਮੱਛਰਾਂ ਦੀ ਪੈਦਾਇਸ਼ ਦਾ ਖਤਰਾ ਰਹਿੰਦਾ ਹੈ|
ਸ਼ਹਿਰ ਵਿੱਚ ਥਾਂ ਥਾਂ ਤੇ ਪਲਦੀ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦੇ ਛਿੜਕਾਅ ਦੀ ਕਾਰਵਾਈ ਤੇਜ ਕੀਤੀ ਜਾਵੇ ਅਤੇ ਇਸਦੇ ਨਾਲ ਨਾਲ ਸ਼ਹਿਰ ਵਿੱਚ ਸਫਾਈ ਦੇ ਪ੍ਰਬੰਧਾਂ ਵਿੱਚ ਲੋੜੀਂਦਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ| ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਪਿੰਡਾਂ (ਜਿੱਥੇ ਪਾਣੀ ਖੜ੍ਹਾ ਰਹਿਣ ਅਤੇ ਸਾਫ ਸਫਾਈ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਮੱਛਰਾਂ ਦੀ ਸਮੱਸਿਆ ਬਹੁਤ ਜਿਆਦਾ ਹੈ) ਵਿੱਚ ਇਸ ਬਿਮਾਰੀ ਦਾ ਪ੍ਰਕੋਪ ਸਭ ਤੋਂ ਵੱਧ ਹੁੰਦਾ ਹੈ ਅਤੇ ਇਹਨਾਂ ਖੇਤਰਾਂ ਵਿੱਚ ਮੱਛਰਾਂ ਦੀ ਵੱਧਦੀ ਸਮੱਸਿਆ ਤੇ ਕਾਬੂ ਕਰਨ ਲਈ ਹੋਰ ਵੀ ਵੱਧ ਕੰਮ ਕਰਨ ਦੀ ਲੋੜ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਯੋਜਨਾਬੰਧ ਢੰਗ ਨਾਲ ਕਾਰਵਾਈ ਕਰੇ| ਇਸ ਸੰਬੰਧੀ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਬਣਾ ਕੇ ਉਸਨੂੰ ਇਸ ਕੰਮ ਦੀ ਜਿੰਮੇਵਾਰੀ ਸੰਭਾਲੀ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਡੇਂਗੂ ਦੀ ਬਿਮਾਰੀ ਦੇ ਸੰਭਾਵੀ ਖਤਰੇ ਨੂੰ ਕਾਬੂ ਕੀਤਾ ਜਾ ਸਕੇ

Leave a Reply

Your email address will not be published. Required fields are marked *