ਡੇਂਗੂ ਦੀ ਬਿਮਾਰੀ ਤੋਂ ਬਚਾਓ ਲਈ ਪ੍ਰਭਾਵੀ ਕਾਰਵਾਈ ਦੀ ਲੋੜ

ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਡੇਂਗੂ ਦੀ ਬਿਮਾਰੀ ਦੇ ਖਤਰੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ| ਇਹ ਬਿਮਾਰੀ ਹਰ ਸਾਲ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਆਪਣਾ ਪ੍ਰਕੋਪ ਵਿਖਾਉਂਦੀ ਆ ਰਹੀ ਹੈ ਅਤੇ ਆਪਣੇ ਲੱਖ ਦਾਅਵਿਆਂ ਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਇਸ ਬਿਮਾਰੀ ਤੇ ਕਾਬੂ ਕਰਨ ਵਿੱਚ ਨਾਕਮ ਸਾਬਿਤ ਹੁੰਦਾ ਆਇਆ ਹੈ| ਹਰ ਸਾਲ ਬਰਸਾਤਾਂ ਦੇ ਮੌਸਮ ਦੌਰਾਨ ਜਿੱਥੇ ਮੱਛਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੁੰਦਾ ਹੈ ਉੱਥੇ ਇਹਨਾਂ ਮੱਛਰਾਂ ਕਾਰਨ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਡੇਂਗੂ ਦੀ ਬਿਮਾਰੀ ਵੀ ਆਪਣੇ ਪੈਰ ਪਸਾਰਦੀ ਹੈ ਅਤੇ ਹਰ ਸਾਲ ਹੀ ਡੇਂਗੂ ਦੀ ਬਿਮਾਰੀ ਨਾਲ ਪੀੜਿਤ ਮਰੀਜ ਸਾਮ੍ਹਣੇ ਆਉਂਦੇ ਹਨ|
ਡੇਂਗੂ ਦੀ ਬਿਮਾਰੀ ਸਿਰਫ ਅਤੇ ਸਿਰਫ ਇਸਦੇ ਵਾਇਰਸ ਤੋਂ ਪੀੜਿਤ ਮੱਛਰ ਦੇ ਮਨੁੱਖ ਨੂੰ ਕੱਟਣ ਨਾਲ ਹੀ ਹੁੰਦੀ ਹੈ| ਡੇਂਗੂ ਦੀ ਬਿਮਾਰੀ ਫੈਲਾਉਣ ਵਾਲੇ ਮੱਛਰ ਦੀ ਇੱਕ ਖਾਸੀਅਤ ਇਹ ਵੀ ਹੈ ਇਹ ਸਿਰਫ ਦਿਨ ਵੇਲੇ ਹੀ ਇਨਸਾਨ ਨੂੰ ਕੱਟਦਾ ਹੈ| ਇਸ ਸਾਲ ਭਾਵੇਂ ਹੁਣ ਤਕ ਪੰਜਾਬ ਵਿੱਚ ਡੇਂਗੂ ਦੀ ਬਿਮਾਰੀ ਦਾ ਪ੍ਰਕੋਪ ਸਾਮ੍ਹਣੇ ਨਹੀਂ ਆਇਆ ਹੈ ਪਰੰਤੂ ਜਿਵੇਂ ਜਿਵੇਂ ਮਾਨਸੂਨ ਦਾ ਸਮਾਂ ਨੇੜੇ ਆ ਰਿਹਾ ਹੈ ਇਸ ਬਿਮਾਰੀ ਦਾ ਖਤਰਾ ਵੀ ਵੱਧ ਰਿਹਾ ਹੈ ਅਤੇ ਜੇਕਰ ਪ੍ਰਸ਼ਾਸ਼ਨ ਵਲੋਂ ਸਮਾਂ ਰਹਿੰਦਿਆਂ ਇਸ ਬਿਮਾਰੀ ਦੇ ਖਾਤਮੇ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਇਹ ਬਿਮਾਰੀ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਵਿੱਚ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ|
ਡੇਂਗੂ ਦੀ ਬਿਮਾਰੀ ਤੇ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਇਸ ਬਿਮਾਰੀ ਨੂੰ ਫੈਲਾਉਣ ਲਈ ਜਿੰਮੇਵਾਰ ਮੱਛਰਾਂ ਦਾ ਖਾਤਮਾ ਕੀਤਾ ਜਾਵੇ| ਸਾਡੇ ਸ਼ਹਿਰ ਵਿੱਚ ਵੀ ਖਾਲੀ ਪਈਆਂ ਥਾਵਾਂ ਤੇ ਖੜ੍ਹੇ ਪਾਣੀ ਅਤੇ ਝਾੜੀਆਂ ਆਦਿ ਵਿੱਚ ਮੱਛਰਾਂ ਦੀ ਵੱਡੀ ਫੌਜ ਪਲਦੀ ਹੈ ਜਿਸਨੂੰ ਖਤਮ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਕੀਤੇ ਜਾਣ ਦੀ ਲੋੜ ਹੈ| ਜਿੱਥੋਂ ਤਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਹੈ ਤਾਂ ਇਸ ਸੰਬੰਧੀ ਅਧਿਕਾਰੀਆਂ ਵਲੋਂ ਆਪਣੇ ਪੱਧਰ ਤੇ ਕਾਰਵਾਈ ਕਰਨ ਦੇ ਲੰਬੇਂ ਚੌੜੇ ਦਾਅਵੇ ਜਰੂਰ ਕੀਤੇ ਜਾਂਦੇ ਹਨ ਪਰੰਤੂ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਪ੍ਰਸ਼ਾਸ਼ਨ ਵਲੋਂ ਹਰ ਸਾਲ ਡੇਂਗੂ ਦੀ ਬਿਮਾਰੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਸੰਬੰਧੀ ਕੀਤੇ ਜਾਣ ਵਾਲੇ ਅਜਿਹੇ ਤਮਾਮ ਦਾਅਵਿਆਂ ਦੇ ਬਾਵਜੂਦ ਇਹ ਬਿਮਾਰੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਅਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦੀ ਹੈ| ਜੇਕਰ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਉਸਦਾ ਇਹ ਹਾਲ ਹੈ ਕਿ ਉਸਦਾ ਪੂਰਾ ਜੋਰ ਇਸ ਗੱਲ ਤੇ ਹੀ ਲੱਗਿਆ ਰਹਿੰਦਾ ਹੈ ਕਿ ਕਿਸੇ ਤਰੀਕੇ ਨਾਲ ਡੇਂਗੂ ਨਾਲ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਨੂੰ ਘੱਟ ਕਰਕੇ ਦਰਸਾਇਆ ਜਾ ਸਕੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਕਿਸੇ ਨਾ ਕਿਸੇ ਤਰ੍ਹਾਂ ਮਰੀਜਾਂ ਦੀ ਗਿਣਤੀ ਨੂੰ ਘੱਟ ਦਰਸ਼ਾ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਇਸ ਬਿਮਾਰੀ ਨਾਲ ਪੀੜਿਤ ਹੋਣ ਵਾਲੇ ਵਿਅਕਤੀਆਂ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਜਿੱਥੇ ਪੂਰੇ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦਾ ਲਗਾਤਾਰ ਛਿੜਕਾਅ ਅਤੇ ਸਫਾਈ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਣਾ ਜਰੂਰੀ ਹੈ ਉੱਥੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਪਲਣ ਵਾਲੀ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸਦੇ ਨਾਲ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਬਣਾ ਕੇ ਘਰੋ ਘਰੀ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਨਾ ਸਿਰਫ ਬਿਮਾਰ ਵਿਅਕਤੀਆਂ ਦੀ ਜਾਂਚ ਕਰਨ ਬਲਕਿ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉ ਲਈ ਜਾਗਰੂਕ ਵੀ ਕਰਨ| ਇਸਤੋਂ ਪਹਿਲਾਂ ਕਿ ਇਸ ਬਿਮਾਰੀ ਦੇ ਕਾਰਨ ਵੱਡੇ ਪੱਧਰ ਤੇ ਜਾਨੀ ਨੁਕਸਾਨ ਦਾ ਖਤਰਾ ਪੈਦਾ ਹੋਵੇ, ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰਵਾਸੀਆਂ ਨੂੰ ਡੇਂਗੂ ਦੇ ਸੰਭਾਵੀ ਖਤਰੇ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *