ਡੇਂਗੂ ਦੇ ਖਤਰੇ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

ਹਰ ਸਾਲ ਵਾਂਗ ਇਸ ਵਾਰ ਵੀ ਜਦੋਂ ਗਰਮੀਆਂ ਦੇ ਇਸ ਮੌਸਮ ਵਿੱਚ ਹੁਮਸ ਵੱਧਣ ਲੱਗ ਗਈ ਹੈ , ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਮੱਛਰਾਂ ਦੀ ਗਿਣਤੀ ਵਿੱਚ ਵੀ ਅਚਾਨਕ ਵਾਧਾ ਹੋਣ ਲੱਗ ਪਿਆ ਹੈ| ਹਰ ਸਾਲ ਹੀ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਗਰਮੀਆਂ ਵਿੱਚ ਸੜਣ ਵਾਲੇ ਕੂੜੇ, ਥਾਂ ਥਾਂ ਖਿੱਲਰੀ ਗੰਦਗੀ ਅਤੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਮੌਜੂਦ ਅਜਿਹੀਆਂ ਥਾਂਵਾਂ, ਜਿੱਥੇ ਪਾਣੀ ਦੀ ਨਿਕਾਸੀ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਖੜ੍ਹਾ ਹੋ ਜਾਂਦਾ ਹੈ, ਵਿੱਚ ਇਹਨਾਂ ਮੱਛਰਾਂ ਦੀ ਫੌਜ ਪਲਣ ਲੱਗ ਜਾਂਦੀ ਹੈ| ਸ਼ਹਿਰ ਦੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰ ਵਿੱਚ ਪਏ ਖਾਲੀ ਪਲਾਟਾਂ ਵਿਚ ਵਿੱਚ ਉੱਗੀਆਂ ਝਾੜੀਆਂ ਅਤੇ ਹੋਰ ਗੰਦਗੀ ਵਿੱਚ ਵੀ ਵੱਡੇ ਪੱਧਰ ਤੇ ਮੱਛਰ ਪੈਦਾ ਹੁੰਦਾ ਹੈ ਜਿਹੜਾ ਬਾਅਦ ਵਿੱਚ ਸ਼ਹਿਰ ਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ|
ਇਸ ਦੌਰਾਨ ਭਾਵੇਂ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਦੇ ਬਿਹਤਰ ਪ੍ਰਬੰਧ ਕਰਨ ਅਤੇ ਮੱਛਰਾਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਕਦੇ ਕਦਾਰ ਸ਼ਹਿਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰਨ ਵਾਲੀ ਸਰਕਾਰੀ ਗੱਡੀ ਵੀ ਘੁੰਮਦੀ ਨਜਰ ਆ ਜਾਂਦੀ ਹੈ ਪਰੰਤੂ ਇਹ ਇੰਤਜਾਮ ਤਸੱਲੀਬਖਸ਼ ਨਹੀਂ ਹੈ ਅਤੇ ਮੱਛਰਾਂ ਦੀ ਲਗਾਤਾਰ ਵੱਧਦੀ ਫੌਜ ਦੇ ਕਾਰਨ ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਦੇ ਫੈਲਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ| ਸਾਡੇ ਸ਼ਹਿਰ ਦੀ ਸਫਾਈ ਵਿਵਸਥਾ ਦੀ ਬਦਹਾਲੀ ਅਤੇ ਮੱਛਰਾਂ ਦੀ ਵੱਧਦੀ ਗਿਣਤੀ ਕਾਰਨ ਇਸ ਸਾਲ ਵੀ ਇਸ ਬਿਮਾਰੀ ਦਾ ਕਹਿਰ ਵਧਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਅਤੇ ਜੇਕਰ ਪ੍ਰਸ਼ਾਸ਼ਨ ਵਲੋਂ ਇਸ ਸਬੰਧੀ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਇਹ ਬਿਮਾਰੀ ਇੱਕ ਵਾਰ ਫਿਰ ਆਪਣਾ ਕਹਿਰ ਬਰਪਾ ਕਰ ਸਕਦੀ ਹੈ|
ਪਿਛਲੇ ਕਈ ਸਾਲਾਂ ਤੋਂ ਡੇਂਗੂ ਦੀ ਇਹ ਬਿਮਾਰੀ ਸ਼ਹਿਰ ਵਿੱਚ ਆਪਣਾ ਪ੍ਰਕੋਪ ਵਿਖਾਉਂਦੀ ਆ ਰਹੀ ਹੈ ਅਤੇ ਇਸ ਸੰਬੰਧੀ ਸਰਕਾਰੀ ਅੰਕੜੇ ਭਾਵੇਂ ਕੁੱਝ ਵੀ ਕਹਿਣ ਪਰੰਤੂ ਹਕੀਕਤ ਇਹੀ ਹੈ ਕਿ ਹਰ ਸਾਲ  ਸ਼ਹਿਰ ਦੇ ਵੱਡੀ ਗਿਣਤੀ ਵਸਨੀਕ ਇਸ ਬਿਮਾਰੀ ਦੀ ਚਪੇਟ ਵਿੱਚ ਆਉਂਦੇ ਹਨ| ਸ਼ਹਿਰ ਦੇ ਜਿਆਦਾਤਰ ਵਸਨੀਕ ਕਿਉਂਕਿ                      ਪ੍ਰਾਈਵੇਟ ਹਸਪਤਾਲਾਂ ਜਾਂ ਫਿਰ ਪੀ ਜੀ ਆਈ ਚੰਡੀਗਡ੍ਹ ਵਿੱਚ ਜਾ ਕੇ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ ਇਸ ਲਈ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦੇ ਮਰੀਜ ਭਾਵੇਂ ਘੱਟ ਪਹੁੰਚਦੇ ਹਨ ਪਰੰਤੂ ਇਸ ਨਾਲ ਇਸ ਹਕੀਕਤ ਉੱਪਰ ਕੋਈ ਫਰਕ ਨਹੀਂ ਪੈਂਦਾ ਕਿ ਹਰ ਸਾਲ ਹੀ ਵੱਡੀ ਗਿਣਤੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਬਣਦੇ ਹਨ|
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਡੇਂਗੂ ਦੀ ਬਿਮਾਰੀ ਤੋਂ ਬਚਾਓ ਦਾ ਇੱਕੋਂ ਇੱਕ ਉਪਾਅ ਇਹ ਹੈ ਕਿ ਇਸ ਬਿਮਾਰੀ ਲਈ ਜਿੰਮੇਵਾਰ ਮੱਛਰਾਂ ਦਾ ਪ੍ਰਭਾਵੀ ਢੰਗ ਨਾਲ ਖਾਤਮਾ ਕੀਤਾ ਜਾਵੇ ਅਤੇ ਮੱਛਰਾਂ ਕਾਰਨ ਫੈਲਣ ਵਾਲੀ ਇਸ ਬਿਮਾਰੀ ਦੇ ਖਤਰੇ ਨੂੰ ਦੂਰ ਕੀਤਾ ਜਾਵੇ| ਇਸ ਵਾਸਤੇ ਜਰੂਰੀ ਹੈ ਕਿ ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਪਿੰਡਾਂ (ਜਿੱਥੇ ਪਾਣੀ ਖੜ੍ਹਾ ਰਹਿਣ ਅਤੇ ਸਾਫ ਸਫਾਈ ਦੀ ਸਮੱਸਿਆ ਸਭ ਤੋਂ ਜਿਆਦਾ ਹੈ  ਅਤੇ ਉੱਥੇ ਇਸ ਬਿਮਾਰੀਆਂ ਦਾ ਪ੍ਰਕੋਪ ਵੀ ਵੱਧ ਹੁੰਦਾ ਹੈ) ਵਿੱਚ ਪਲਣ ਵਾਲੀ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ  ਵਿਸ਼ੇਸ਼ ਪ੍ਰਬੰਧ ਕੀਤੇ ਜਾਣ| ਨਗਰ ਨਿਗਮ ਵਲੋਂ ਸ਼ਹਿਰ ਵਿੱਚ  ਭਾਵੇਂ ਹਫਤੇ ਦਸ ਦਿਨਾਂ ਬਾਅਦ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ ਪਰੰਤੂ ਇਹ ਕਾਫੀ ਨਹੀਂ ਹੈ ਅਤੇ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ ਪ੍ਰਭਾਵੀ ਢੰਗ ਨਾਲ ਕਾਰਵਾਈ ਕੀਤੇ ਜਾਣ ਦੀ ਲੋੜ ਹੈ|
ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਇਸ ਡੰਗ ਤੋਂ ਬਚਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਬਣਾ ਕੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਜਿੱਥੇ ਪ੍ਰਸ਼ਾਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਵਿੱਚ ਤੇਜੀ ਲਿਆਂਦੀ ਜਾਣੀ ਚਾਹੀਦੀ ਹੈ ਉੱਥੇ ਇਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਵੀ ਚੇਤੰਨ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਜਾਂ ਦਫਤਰਾਂ ਦੇ ਆਸ ਪਾਸ ਪਾਣੀ ਖੜ੍ਹਾ ਨਾ ਹੋਣ ਦੇਣ ਕਿਉਂਕਿ ਇਸ ਸੰਬੰਧੀ ਵਰਤੀ ਜਾਣ ਵਾਲੀ ਸਾਵਧਾਨੀ ਹੀ ਸਾਨੂੰ ਇਸ ਬਿਮਾਰੀ ਦੀ ਮਾਰ ਤੋਂ ਬਚਾ ਸਕਦੀ ਹੈ| ਇਸਦੇ ਨਾਲ ਨਾਲ ਪ੍ਰਸ਼ਾਸ਼ਾਨ ਵਲੋਂ ਸ਼ਹਿਰ ਵਿੱਚ ਲਗਾਤਾਰ ਵੱਧਦੀ ਮੱਛਰਾਂ ਦੀ ਫੌਜ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ  ਤਾਂ ਜੋ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਡੰਕ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *