ਡੇਂਗੂ ਦੇ ਖਾਤਮੇ ਲਈ ਸੁਹਿਰਦ ਯਤਨਾਂ ਦੀ ਲੋੜ

ਪੰਜਾਬ ਸਰਕਾਰ ਵਲੋਂ ਭਾਵੇਂ ਸੂਬੇ ਵਿੱਚ ਡੇਂਗੂ ਤੋਂ ਬਚਾਓ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸਦੇ ਨਾਲ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਘਰੋਂ ਘਰੀ ਜਾ ਕੇ ਡੇਂਗੂ ਦੇ ਮੱਛਰ ਅਤੇ ਉਸਦੇ ਲਾਰਵਾ ਨੂੰ ਖਤਮ ਕਰਨ ਲਈ ਦਵਾਈ ਵੀ ਪਾਈ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ| ਇਸ ਸਮੇਂ ਭਾਵੇਂ ਸਰਦੀ ਸ਼ੁਰੂ ਹੋ ਗਈ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਸਰਦੀ ਵਿੱਚ ਮੱਛਰ ਠੰਡ ਨਾਲ ਹੀ ਮਰ ਜਾਂਦਾ ਹੈ ਪਰ ਲੋਕਾਂ ਦੇ ਘਰਾਂ ਅਤੇ ਆਸਪਾਸ ਮੱਛਰਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਮੱਛਰਾਂ ਦੀ ਇਸ ਲਗਾਤਾਰ ਵੱਧਦੀ ਗਿਣਤੀ ਦਾ ਹੀ ਨਤੀਜਾ ਹੈ ਕਿ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ| ਹਾਲਾਤ ਦੀ ਗੰਭੀਰਤਾ ਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਜਿੱਥੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉੱਥੇ ਪਿਛਲੇ ਦਿਨੀਂ ਨਾਭਾ ਦੇ ਇਕ ਧਾਰਮਿਕ ਸਥਾਨ ਦੇ ਧਾਰਮਿਕ ਆਗੂ ਦੀ ਡੇਂਗੂ ਕਾਰਨ ਮੌਤ ਹੋਣ ਦੀ ਵੀ ਖਬਰ ਹੈ| ਪਟਿਆਲਾ ਜਿਲ੍ਹੇ ਵਿੱਚ ਡੇਂਗੂ ਦੇ ਡੰਗ ਦਾ ਕਹਿਰ ਸਭ ਤੋਂ ਵੱਧ ਹੈ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਡੇਂਗੂ ਦੀ ਬਿਮਾਰੀ ਸ਼ਿਕਾਰ ਹੋ ਚੁੱਕੇ ਹਨ|
ਡੇਂਗੂ ਦੀ ਇਹ ਬਿਮਾਰੀ ਹਰ ਸਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਅਤੇ ਵੱਡੀ ਗਿਣਤੀ ਲੋਕ ਇਸਦੀ ਮਾਰ ਹੇਠ ਆਉਂਦੇ ਹਨ| ਇਸ ਸੰਬੰਧੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਡੇਂਗੂ ਦੀ ਬਿਮਾਰੀ ਲਈ ਕਾਬੂ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਇਸਦੇ ਮਰੀਜਾਂ ਦੀ ਹਰ ਸਾਲ ਵੱਧਦੀ ਗਿਣਤੀ ਜਿੱਥੇ ਸਰਕਾਰ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੀ ਹੈ ਉੱਥੇ ਇਸ ਮਾਮਲੇ ਵਿੱਚ ਸਰਕਾਰ ਦੀ ਨਾਕਾਮੀ ਨੂੰ ਵੀ ਜਾਹਿਰ ਕਰਦੀ ਹੈ|
ਸਥਾਨਕ ਪ੍ਰਸ਼ਾਸ਼ਨ ਵਲੋਂ ਭਾਵੇਂ ਮੁਹਾਲੀ ਸ਼ਹਿਰ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਜਾਂ ਕਂੌਸਲ ਦੀ ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੇ ਘਰਾਂ ਵਿੱਚ ਜਾਂਚ ਕਰਕੇ ਡੇਂਗੂ ਦੇ ਲਾਰਵਾ ਦਾ ਪਤਾ ਲਗਾਉਣ ਅਤੇ ਇਸਨੂੰ ਖਤਮ ਕਰਨ ਦੀ ਕਾਰਵਾਈ ਕਰਦੇ ਹਨ ਪਰੰਤੂ ਇਸਦੇ ਬਾਵਜੂਦ ਡੇਂਗੂ ਦੇ ਮਰੀਜ ਸਾਮ੍ਹਣੇ ਆਉਣ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਇਸ ਕਾਰਵਾਈ ਵਿੱਚ ਕੁੱਝ ਨਾ ਕੁੱਝ ਕਮੀ ਰਹਿ ਜਾਂਦੀ ਹੈ ਜਿਸ ਕਾਰਨ ਡੇਂਗੂ ਦੀ ਇਹ ਬਿਮਾਰੀ ਮੁੜ ਆਪਣਾ ਜੋਰ ਵਿਖਾਉਣ ਲੱਗ ਪਈ ਹੈ|
ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਹੀ ਪਨਪਦਾ ਹੈ ਅਤੇ ਦਿਨ ਵੇਲੇ ਹੀ ਲੋਕਾਂ ਨੂੰ ਡੰਗਦਾ ਹੈ| ਆਮ ਲੋਕਾਂ ਵਲੋਂ ਆਪਣੇ ਘਰਾਂ ਦੀ ਸਫਾਈ ਤਾਂ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਪਰੰਤੂ ਆਪਣੇ ਆਸ ਪਾਸ ਪਈਆਂ ਖਾਲੀ ਥਾਵਾਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੰਦਾ ਅਤੇ ਅਜਿਹੀਆਂ ਥਾਵਾਂ ਤੇ ਪਲਣ ਵਾਲਾ ਇਹ ਮੱਛਰ ਬਾਅਦ ਵਿੱਚ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਹੀ ਡੰਗਦਾ ਹੈ| ਖਾਲੀ ਥਾਵਾਂ ਤੇ ਫੈਲਣ ਵਾਲੀ ਗੰਦਗੀ ਕਾਰਨ ਵੀ ਕਈ ਕਿਸਮ ਦੇ ਮੱਛਰ ਪੈਦਾ ਹੋ ਜਾਂਦੇ ਹਨ ਜੋ ਕਿ ਲੋਕਾਂ ਲਈ ਸਿਰਦਰਦੀ ਬਣ ਜਾਂਦੇ ਹਨ| ਸ਼ਹਿਰ ਵਿੱਚ ਹਾਲਾਂਕਿ ਮੱਛਰ ਮਾਰ ਦਵਾਈ ਦਾ ਛਿੜਕਾਓ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਨਵਾਂ ਮੱਛਰ ਪੈਦਾ ਹੁੰਦਾ ਜਾਂਦਾ ਹੈ ਅਤੇ ਮੱਛਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਹੈ|
ਡੇਂਗੂ ਦੇ ਮੱਛਰ ਦੀ ਮੁਕੰਮਲ ਰੋਕਥਾਮ ਨਾ ਹੋ ਸਕਣ ਲਈ ਲੋਕ ਖੁਦ ਵੀ ਕਾਫੀ ਹੱਦ ਤਕ ਜਿੰਮੇਵਾਰ ਹਨ| ਅਕਸਰ ਲੋਕ ਆਪਣੇ ਘਰਾਂ ਵਿੱਚ ਕੂਲਰਾਂ, ਗਮਲਿਆਂ ਆਦਿ ਵਿੱਚ ਪਏ ਪਾਣੀ ਵੱਲ ਧਿਆਨ ਨਹੀਂ ਦਿੰਦੇ ਅਤੇ ਇਹਨਾਂ ਥਾਵਾਂ ਤੇ ਡੇਂਗੂ ਦਾ ਮੱਛਰ ਕਦੋਂ ਪਲਣਾ ਸ਼ੁਰੂ ਹੋ ਜਾਂਦਾ ਹੈ ਇਸਦਾ ਪਤਾ ਵੀ ਨਹੀਂ ਲੱਗਦਾ| ਲੋਕਾਂ ਵਲੋਂ ਆਪਣੇ ਘਰ ਨੇੜੇ ਪੈਂਦੀਆਂ ਖਾਲੀ ਥਾਵਾਂ ਦੀ ਵਰਤੋਂ ਵੀ ਕੂੜਾ ਆਦਿ ਸੁੱਟਣ ਲਈ ਕੀਤੀ ਜਾਂਦੀ ਹੈ ਜਿੱਥੇ ਕੀੜੇ ਮਕੌੜੇ ਅਤੇ ਮੱਛਰ ਪੈਦਾ ਹੁੰਦੇ ਹਨ| ਪਾਰਕਾਂ ਅਤੇ ਗਰੀਨ ਬੈਲਟਾਂ ਦੀ ਸਮੇਂ ਸਿਰ ਸਫਾਈ ਨਾ ਹੋਣ ਅਤੇ ਉੱਥੇ ਪਾਣੀ ਖੜ੍ਹਾ ਰਹਿਣ ਕਾਰਨ ਵੀ ਮੱਛਰ ਪੈਦਾ ਹੁੰਦਾ ਹੈ ਜਿਹੜਾ ਬਾਅਦ ਵਿੱਚ ਲੋਕਾਂ ਦੇ ਘਰਾਂ ਤਕ ਪਹੁੰਚ ਜਾਂਦਾ ਹੈ|
ਡੇਂਗੂ ਦੇ ਡੰਗ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਮੁਹਿੰਮ ਵਿੱਚ ਆਮ ਲੋਕ ਵੀ ਸਰਕਾਰ ਨੂੰ ਸਹਿਯੋਗ ਦੇਣ| ਚਾਹੀਦਾ ਤਾਂ ਇਹ ਹੈ ਕਿ ਆਮ ਲੋਕਾਂ ਵਲੋਂ ਆਪਣੇ ਘਰਾਂ ਦੀ ਸਫਾਈ ਦੇ ਨਾਲ ਨਾਲ ਘਰਾਂ ਦੇ ਨੇੜੇ ਪੈਂਦੀਆਂ ਸਾਂਝੀਆਂ ਥਾਂਵਾਂ ਦੀ ਵੀ ਸਫਾਈ ਕੀਤੀ ਜਾਵੇ ਅਤੇ ਲੋਕ ਸਰਕਾਰ ਵਲੋਂ ਡੇਂਗੂ ਵਿਰੁੱਧ ਚਲਾਈ ਮੁਹਿੰਮ ਨੂੰ ਲੋਕ ਪੂਰਾ ਸਹਿਯੋਗ ਦੇਣ ਤਾਂ ਹੀ ਡੇਂਗੂ ਦੀ ਬਿਮਾਰੀ ਉਪਰ ਕਾਬੂ ਪਾਇਆ ਜਾ ਸਕਦਾ ਹੈ|

Leave a Reply

Your email address will not be published. Required fields are marked *