ਡੇਂਗੂ ਦੇ ਲਾਰਵੇ ਦੀ ਜਾਂਚ ਦੌਰਾਨ 6 ਘਰਾਂ ਵਿੱਚ ਮਿਲਿਆ ਡੇਂਗੂ ਮੱਛਰ ਦਾ ਲਾਰਵਾ
ਐਸ਼ਏ 22 ਦਸੰਬਰ (ਸ਼ਬ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬੁਖਾਰ ਸੰਬਧੀ ਸਥਾਨਕ ਫੇਜ਼ 2 ਦੇ ਕਵਾਟਰਾਂ ਵਿੱਚ ਘਰ ਘਰ ਜਾ ਕੇ ਜਾਂਚ ਕੀਤੀ ਗਈ ਅਤੇ ਆਮ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਓ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ 218 ਘਰਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿੱਚੋਂ 6 ਘਰਾਂ ਦੇ 7 ਕੰਨਟੇਨਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਇਹਨਾਂ ਕੰਟੇਨਰਾਂ ਵਿੱਚ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਪਾ ਕੇ ਬਾਅਦ ਵਿੱਚ ਖਾਲੀ ਕਰਵਾਇਆ ਗਿਆ।
ਸਿਹਤ ਵਿਭਾਗ ਦੇ ਸੁਪਰਵਾਈਜਰ ਗੁਰਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਫਸਰ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਦੇ ਲਾਰਵਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਾਏ ਜਾਣ ਜਿਸ ਨਾਲ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ। ਇਸਦੇ ਨਾਲ ਹੀ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟਰੇਆਂ ਨੂੰ ਹਫਤੇ ਵਿੱਚ ਇੱਕ ਵਾਰੀ ਖਾਲੀ ਕਰਕੇ ਸੁਕਾ ਕੇ ਵਰਤੋਂ ਵਿੱਚ ਲਿਆਂਦਾ ਜਾਵੇ। ਡੇਂਗੂ ਸਰਵੇ ਦੌਰਾਨ ਟੀਮ ਵਲੋਂ ਲੋਕਾਂ ਨੂੰ ਕੋਰੋਨਾ ਬਿਮਾਰੀ ਸੰਬਧੀ ਵੀ ਜਾਗਰੂਕ ਕੀਤਾ ਗਿਆ।