ਡੇਂਗੂ, ਮਲੇਰੀਏ ਤੋਂ ਬਚਾਅ ਲਈ ਸ਼ਹਿਰ ਵਿੱਚ ਫੌਗਿੰਗ ਕਰਵਾਈ ਜਾਵੇਗੀ : ਰਾਜੇਸ਼ ਧੀਮਾਨ
ਐਸ.ਏ.ਐਸ. ਨਗਰ, 30 ਜੂਨ (ਸ.ਬ.) ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਗਰਮੀ ਅਤੇ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਮੱਛਰ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਏ ਆਦਿ ਦੇ ਬਚਾਅ ਲਈ ਸ਼ਹਿਰ ਵਿੱਚ ਫੋਗਿੰਗ ਕਰਵਾਈ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਅਤੇ ਇਸ ਵਿੱਚ ਪੈਂਦੇ ਸਲੱਮ ਖੇਤਰ ਵਿਚ 01 ਜੁਲਾਈ ਤੋਂ 29 ਜੁਲਾਈ ਤੱਕ ਫੌਗਿੰਗ ਕਰਾਉਣ ਦੀ ਯੋਜਨਾ ਉਲੀਕੀ ਗਈ ਹੈ|
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਫੋਗਿੰਗ ਰੋਜਾਨਾ ਸ਼ਾਮ ਨੂੰ 04:00 ਵਜੇ ਤੋਂ ਬਾਅਦ ਕਰਵਾਈ ਜਾਵੇਗੀ| ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਹਿਰ ਨਿਵਾਸੀ ਫੌਗਿੰਗ ਸਬੰਧੀ ਨਗਰ ਨਿਗਮ ਦਫਤਰ ਦੇ ਟੋਲ ਫ੍ਰੀ ਨੰਬਰ 1800-137-0007 ਤੇ ਕੋਈ ਵੀ ਸੁਝਾਅ/ਸ਼ਿਕਾਇਤ ਦਰਜ ਕਰਵਾ ਸਕਦਾ ਹੈ| ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਮਲੇਰੀਏ ਆਦਿ ਬਿਮਾਰੀਆਂ ਨੂੰ ਰੋਕਣ ਲਈ ਨਗਰ ਨਿਗਮ ਦਾ ਸਹਿਯੋਗ ਦੇਣ| ਘਰਾਂ ਵਿੱਚ ਜਾਂ ਘਰ ਦੇ ਆਲੇ ਦੁਆਲੇ ਕਿਸੇ ਵੀ ਚੀਜ ਜਾਂ ਜਗ੍ਹਾ ਤੇ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ| ਕੂਲਰਾਂ ਆਦਿ ਨੂੰ ਇੱਕ ਹਫਤੇ ਬਾਅਦ ਚੰਗੀ ਤਰ੍ਹਾਂ ਸਾਫ ਕਰਕੇ ਉਨ੍ਹਾਂ ਦਾ ਪਾਣੀ ਬਦਲਿਆ ਜਾਵੇ ਅਤੇ ਗਮਲਿਆਂ, ਪੁਰਾਣੇ ਟਾਇਰਾਂ ਤੇ ਪੁਰਾਣੇ ਬਰਤਨਾਂ ਵਿਚ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਪੈਦਾ ਹੀ ਨਾਂ ਹੋ ਸਕੇ| ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ ਵੀ ਮੌਜੂਦ ਸਨ|