ਡੇਅਰੀ ਪਸ਼ੂਆਂ ਵਿੱਚ ਪੋਸ਼ਣ ਸੰਬੰਧੀ ਘਾਟ ਵਿਸ਼ੇ ਤੇ ਸਿਖਲਾਈ ਪ੍ਰੋਗਰਾਮ
ਐਸ.ਏ ਐਸ ਨਗਰ 16 ਜਨਵਰੀ (ਸ.ਬ.) ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ.ਨਗਰ ਵਲੋਂ ਪਿੰਡ ਖਿਜ਼ਰਾਬਾਦ ਵਿਖੇ ਐਸ.ਸੀ./ਐਸ.ਟੀ. ਕਿਸਾਨਾਂ ਲਈ ਡੇਅਰੀ ਪਸ਼ੂਆਂ ਵਿਚ ਪੋਸ਼ਣ ਸੰਬੰਧੀ ਘਾਟਂ ਵਿਸ਼ੇ ਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ।
ਇਸ ਮੌਕੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਡਾ: ਪਰਮਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਆਪਣੇ ਪਸ਼ੂ ਵਿਗਿਆਨਕ ਢੰਗ ਨਾਲ ਪਾਲਣ ਲਈ ਪ੍ਰੇਰਿਤ ਕਰਦਿਆਂ ਡੇਅਰੀ ਪਸ਼ੂਆਂ ਲਈ ਸੰਤੁਲਿਤ ਖੁਰਾਕ ਅਪਨਾਉਣ ਅਤੇ ਪ੍ਰਤੀ ਯੂਨਿਟ ਜਾਨਵਰਾਂ ਤੋਂ ਵੱਧ ਤੋਂ ਵੱਧ ਮੁਨਾਫਾ ਲੈਣ ਤੇ ਜ਼ੋਰ ਦਿੱਤਾ। ਉਨ੍ਹਾਂ ਸਿਖਿਆਰਥੀਆਂ ਨੂੰ ਕੇ. ਵੀ. ਕੇ. ਅਤੇ ਗਡਵਾਸੂ, ਲੁਧਿਆਣਾ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸ਼ਸ਼ੀ ਪਾਲ, ਸਹਾਇਕ ਪ੍ਰੋਫੈਸਰ, ਪਸ਼ੂਧਨ ਉਤਪਾਦਨ (ਸਿਖਲਾਈ ਕੋਆਰਡੀਨੇਟਰ) ਨੇ ਕਿਸਾਨਾਂ ਨੂੰ ਡੇਅਰੀ ਫੀਡ ਤਿਆਰ ਕਰਨ ਦਾ ਤਰੀਕਾ ਦੱਸਿਆ। ਉਹਨਾਂ ਨੇ ਡੇਅਰੀ ਪਸ਼ੂਆਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਉਨ੍ਹਾਂ ਦੀ ਪੂਰਤੀ ਸੰਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਗਡਵਾਸੂ ਦੀ ਸਮੱਗਰੀ ਜਿਵੇਂ ਕਿ ਖਣਿਜ ਮਿਸ਼ਰਣ, ਯੂਰੋਮਿਨ ਲਿਕ ਅਤੇ ਪੋਸ਼ਣ ਕੈਲੰਡਰ ਵੀ ਵੰਡੇ ਗਏ। ਅਖੀਰ ਵਿੱਚ ਪਿੰਡ ਦੀ ਸਰਪੰਚ, ਜਸਵੀਰ ਕੌਰ ਅਤੇ ਅਗਾਂਹਵਧੂ ਮਹਿਲਾ ਕਿਸਾਨ, ਸਰਬਜੀਤ ਕੌਰ ਨੇ ਮਾਹਿਰਾਂ ਦਾ ਧੰਨਵਾਦ ਕੀਤਾ।