ਡੇਅਰੀ ਵਿਕਾਸ ਵਿਭਾਗ ਵੱਲੋਂ ਆਨਲਾਈਨ ਡੇਅਰੀ ਸਿਖਲਾਈ ਦਾ ਦਸਵਾਂ ਬੈਚ 4 ਜਨਵਰੀ ਤੋਂ
ਐਸ.ਏ.ਐਸ ਨਗਰ, 29 ਦਸੰਬਰ (ਸ.ਬ.) ਕੋਵਿਡ 19 ਮਹਾਮਾਰੀ ਦੇ ਕਾਰਨ ਜਿਥੇ ਦੇਸ਼ ਦੀ ਅਰਥ-ਵਿਵਸਥਾ ਤੇ ਮਾੜਾ ਅਸਰ ਪਿਆ ਹੈ ਉੱਥੇ ਸਰਕਾਰੀ ਗਤੀਵਿਧੀਆ ਵਿੱਚ ਵੀ ਖੜੌਤ ਆਈ ਹੈ। ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਉਪਰ ਵੀ ਕੋਰੋਨਾ ਮਹਾਮਾਰੀ ਦਾ ਅਸਰ ਪਿਆ ਹੈ। ਇਸ ਖੜੌਤ ਨੂੰ ਤੋੜਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ 4 ਜਨਵਰੀ, 2021 ਤੋ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰ ਵਿੱਚ ਬੈਠੇ ਹੀ ਆਨਲਾਈਨ ਸਿਖਲਾਈ ਦੇਣ ਲਈ ਦਸਵਾਂ ਬੈਚ ਸੁਰੂ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋ ਨੇ ਦੱਸਿਆ ਕਿ ਅਜੋਕੇ ਯੁਗ ਵਿੱਚ ਵਿਗਿਆਨਕ ਢੰਗਾਂ ਨਾਲ ਕੀਤੇ ਕਾਰੋਬਾਰ ਹੀ ਲਾਹੇਵੰਦ ਹੋਣਗੇ। ਦੁਧਾਰੂ ਪਸ਼ੂਆਂ ਦੀ ਖਰੀਦ ਤੋ ਲੈਕੇ ਰੱਖ ਰਖਾੳ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਚਲਾਏ ਜਾਂਦੇ ਡੇਅਰੀ ਸਿਖਲਾਈ ਪ੍ਰੋਗਰਾਮ ਜੋ ਕਿ ਕੋਵਿਡ 19 ਮਹਾਂਮਾਰੀ ਕਰਕੇ ਬੰਦ ਹੋ ਗਏ ਸਨ, ਦੁੱਧ ਉਤਪਾਦਕਾਂ ਦੀ ਸਹੂਲੀਅਤ ਲਈ ਇਹ ਸਿਖਲਾਈ ਪ੍ਰੋਗਰਾਮ ਆਨਲਾਈਨ ਸ਼ੁਰੂ ਕੀਤੇ ਗਏ ਹਨ।