ਡੇਰਾਬੱਸੀ ਇਲਾਕੇ ਵਿੱਚ ਫੈਲਦੇ ਪ੍ਰਦੂਸ਼ਨ ਕਾਰਨ ਲੋਕ ਹੋ ਰਹੇ ਹਨ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ

ਡੇਰਾਬੱਸੀ, 17 ਅਕਤੂਬਰ (ਦੀਪਕ ਸ਼ਰਮਾ ) ਡੇਰਾਬੱਸੀ ਇਲਾਕੇ ਵਿੱਚ ਸਥਿਤ ਸ਼ਰਾਬ, ਮੀਟ, ਮਿਠਾਈਆਂ ਤੇ ਹੋਰ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਵਲੋਂ ਬਹੁਤ ਵੱਡੇ ਪੱਧਰ ਉੱਪਰ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ| ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਵੱਲੋਂ  ਲੋੜੀਂਦੀ ਕਾਰਵਾਈ  ਨਾ ਕੀਤੇ ਜਾਣ ਕਾਰਨ ਫੈਕਟਰੀਆਂ ਵਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਨ ਬਹੁਤ ਵੱਡੀ ਸਮਸਿਆ ਬਣ ਗਿਆ ਹੈ|
ਇਸ ਇਲਾਕੇ ਦਾ ਦੌਰਾ ਕਰਕੇ ਵੇਖਿਆ ਕਿ ਇਸ ਇਲਾਕੇ ਵਿੱਚ ਸਥਿਤ ਸ਼ਰਾਬ, ਮੀਟ, ਕੈਮੀਕਲ, ਮਿਠਾਈ ਅਤੇ ਹੋਰ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਵਲੋਂ ਬਹੁਤ ਹੀ ਵੱਡੇ ਪੱਧਰ ਉਪਰ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ| ਇਹਨਾਂ ਫੈਕਟਰੀਆਂ ਦੀਆਂ ਚਿਮਨੀਆਂ ਵਿਚੋਂ ਨਿਕਲਦੇ ਗਾੜੇ ਅਤੇ ਜਹਿਰੀਲੇ ਧੂੰਏ ਕਾਰਨ ਇਲਾਕੇ ਦੇ ਲੋਕਾਂ ਨੂੰ ਸਾਹ ਅਤੇ ਦਮੇ ਦੀਆਂ ਬਿਮਾਰੀਆਂ ਹੋ ਰਹੀਆਂ ਹਨ| ਇਸ ਤੋਂ ਇਲਾਵਾ ਇਹਨਾਂ ਫੈਕਟਰੀਆਂ ਵਲੋਂ ਇਲਾਕੇ ਵਿਚੋਂ ਲੰਘਦੀ ਘੱਗਰ ਨਦੀ ਵਿਚ ਹੀ ਆਪਣਾ ਗੰਦ ਮੰਦ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਇਹ ਪਾਣੀ ਧਰਤੀ ਹੇਠਾਂ ਜਾ ਕੇ ਪੀਣ ਵਾਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੰਦਾ ਹੈ| ਇਸ ਇਲਾਕੇ ਦੇ ਪਿੰਡਾਂ ਹਰੀਪੁਰ, ਭਗਵਾਨਪੁਰ, ਹੈਵਤਪੁਰ, ਸੈਦਪੁਰ ਵਿਚ ਤਾਂ ਫੈਕਟਰੀਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਕਾਰਨ ਇਹਨਾਂ ਪਿੰਡਾਂ ਦੇ ਵਸਨੀਕ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ| ਇਸ ਇਲਾਕੇ ਵਿੱਚ ਤਾਂ ਜੰਮਦੇ ਬੱਚੇ ਹੀ ਪ੍ਰਦੂਸ਼ਨ ਕਾਰਨ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ|  ਕਈ ਪਿੰਡਾਂ ਵਿੱਚ ਤਾਂ ਪ੍ਰਦੂਸ਼ਨ ਕਾਰਨ ਅੰਗਹੀਣ ਬੱਚੇ ਹੀ ਪੈਦਾ ਹੋ ਰਹੇ ਹਨ, ਜਿਸ ਕਾਰਨ ਇਲਾਕੇ ਵਿਚ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ|
ਇਹਨਾਂ ਪਿੰਡਾਂ ਦੇ ਵਸਨੀਕ ਇਲਜਾਮ ਲਗਾਉਂਦੇ ਹਨ ਕਿ  ਡੇਰਾਬੱਸੀ ਇਲਾਕੇ ਵਿੱਚ ਇੰਨੇ ਵੱਡੇ ਪੱਧਰ ਉਪਰ ਫੈਲਾਏ ਜਾ ਰਹੇ ਪ੍ਰਦੂਸ਼ਨ ਦੇ ਬਾਵਜੂਦ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ| ਵਸਨੀਕ ਇਲਜਾਮ ਲਗਾਉਂਦੇ ਹਨ ਕਿ ਜਦੋਂ ਪ੍ਰਦੂਸ਼ਨ ਫੈਲਾਉਣ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਨਾਲ ਇਲਾਕਾ ਵਾਸੀ ਪ੍ਰਦੂਸ਼ਨ ਘੱਟ ਕਰਨ ਲਈ ਕਹਿੰਦੇ ਹਨ ਤਾਂ ਫੈਕਟਰੀ ਮਾਲਕਾਂ ਦਾ ਜਵਾਬ ਹੁੰਦਾ ਹੈ ਕਿ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ| ਇਸੇ ਤਰ੍ਹਾਂ ਜਦੋਂ ਇਲਾਕਾ ਵਾਸੀ ਪ੍ਰਦੂਸ਼ਨ ਦੀ ਸਮਸਿਆ ਲੈ ਕੇ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀ ਉਹਨਾਂ ਦੀ ੋਕੋਈ ਗੱਲ ਨਹੀਂ ਸੁਣਦੇ, ਜਿਸ ਕਰਕੇ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਅਤੇ ਫੈਕਟਰੀ ਮਾਲਕਾਂ ਵਿਚਾਲੇ ਮਿਲੀਭੁਗਤ ਦਾ ਸ਼ੱਕ ਪੈਦਾ ਹੁੰਦਾ ਹੈ|
ਲੋਕਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਸ ਇਲਾਕੇ ਵਿੱਚ ਸਥਿਤ ਫੈਕਟਰੀਆਂ ਵਲੋਂ ਧੜੱਲੇ ਨਾਲ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ| ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪ੍ਰਦੂਸ਼ਨ ਫੈਲਾਉਣ ਵਾਲੀਆਂ ਫੈਕਟਰੀਆਂ ਅਤੇ ਇਹਨਾਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਉਦਯੋਗਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਇਸ ਗੱਲ ਨੂੰ ਯਕੀਨੀ ਕੀਤਾ ਜਾਂਦਾ ਹੈ ਕਿ ਪ੍ਰਦੂਸ਼ਨ ਨਾ ਹੋਵੇ| ਉਹਨਾਂ ਕਿਹਾ ਕਿ ਬੋਰਡ ਵੱਲੋਂ ਅਚਨਚੇਤ ਛਾਪੇਮਾਰੀ ਅਤੇ ਰਾਤ ਵੇਲੇ ਜਾਂਚ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਬੋਰਡ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾਂਦੀ ਹੈ| ਉਹਨਾਂ ਕਿਹਾ ਕਿ ਅਜਿਹਾ ਵੀ ਵੇਖਣ ਵਿਚ ਮਿਲਿਆ ਹੈ ਕਿ ਕੁੱਝ ਸ਼ਿਕਾਇਤ ਕਰਤਾ ਆਦਤਨ ਸ਼ਿਕਾਇਤਾਂ ਕਰਦੇ ਹਨ ਅਤੇ ਕੁੱਝ ਅਜਿਹੇ ਅਨਸਰ ਵੀ ਹਨ ਜਿਹੜੇ     ਬਲੈਕਮੇਲ ਕਰਨ ਲਈ ਕੰਪਨੀਆਂ ਦੇ ਖਿਲਾਫ ਲਿਖਦੇ ਹਨ| ਇਸ ਸੰਬੰਧੀ ਵੱਖ ਵੱਖ ਫੈਕਟਰੀਆਂ ਵਾਲਿਆਂ ਵੱਲੋਂ ਅਜਿਹੇ ਬਲੈਕ ਮੇਲਰਾਂ ਦੇ ਖਿਲਾਫ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ| ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਜਿਹੀ ਕਿਸੇ ਵੀ ਇੰਡਸਟਰੀ ਦੇ ਖਿਲਾਫ ਕਾਰਵਾਈ ਲਈ ਵਚਨਬੱਧ ਹੈ ਜਿਸ ਵੱਲੋਂ ਪ੍ਰਦੂਸ਼ਨ ਫੈਲਾਇਆ ਜਾਂਦਾ ਹੈ|

Leave a Reply

Your email address will not be published. Required fields are marked *