ਡੇਰਾਬੱਸੀ ਨੂੰ ਸੈਕਟਰਾਂ ਵਿੱਚ ਵੰਡਿਆ: ਐਨ ਕੇ ਸ਼ਰਮਾ
ਡੇਰਾਬੱਸੀ, 28 ਦਸੰਬਰ (ਦੀਪਕ ਸ਼ਰਮਾ) ਵਿਕਾਸਸ਼ੀਲ ਸਬ ਡਵੀਜਨਡੇਰਾਬੱਸੀ ਨੂੰ ਨਗਰ ਕੌਂਸਲ ਨੇ ਆਪਣੇ ਵਾਅਦੇ ਅਨੁਸਾਰ ਪੂਰੇ ਸ਼ਹਿਰ ਵਿੱਚ ਸੈਕਟਰਾਂ ਵਿੱਚ ਵੰਡ ਦਿੱਤਾ ਹੈ| ਇਸ ਕੰਮ ਦੀ ਪੂਰਤੀ ਤੇ ਮਕਾਨ ਨੰਬਰਾਂ ਦੀ ਹੁਣ ਡੁਪਲੀਕੇਸੀ ਨਹੀਂ ਹੋਵੇਗੀ| ਲੋਕਾਂ ਨੂੰ ਚੰਡੀਗੜ੍ਹ ਸ਼ਹਿਰ ਵਾਂਗ ਹਰ ਸੁਵਿੱਧਾ ਮੁਹਈਆ ਕਰਵਾਈ ਜਾਵੇਗੀ| ਇਹ ਗੱਲ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹਲਕੇ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਕਹੀ|
ਉਹਨਾਂ ਦੱਸਿਆ ਕਿ ਪੂਰੇ ਹਲਕੇ ਵਿੱਚ ਥਾਂ-ਥਾਂ ਤੇ ਮਾਇਨਿੰਗ ਗੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹੈ| ਇਸ ਪ੍ਰਕਾਰ ਗੈਰ ਕਾਨੂੰਨੀ ਖੁਦਾਈ ਨੂੰ ਤੁਰੰਤ ਨੱਥ ਪਾਉਣ ਦੀ ਲੋੜ ਹੈ| ਇਸ ਮਾਮਲੇ ਵਿੱਚ ਸਰਕਾਰੀ ਮੁਲਾਜ਼ਮ ਅੱਖਾਂ ਬੰਦ ਕਰਕੇ ਬੈਠੇ ਹਨ ਤੇ ਕੋਈ ਜਰੂਰੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ|
ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਤੇ ਕਾਬੂ ਨਹੀਂ ਪਾਇਆ ਗਿਆ ਤੇ ਵੱਧ ਰਹੇ ਅੱਖਾਂ ਦੇ ਰੋਗਾਂ ਅਤੇ ਚਮੜੀ ਦੇ ਰੋਗਾਂ ਨੂੰ ਨਹੀਂ ਰੋਕਿਆ ਗਿਆ ਤਾਂ ਮਜਬੂਰਨ ਅਧਿਕਾਰੀਆ ਦੇ ਖਿਲਾਫ ਧਰਨਾ ਦੇਣ ਲਈ ਮਜਬੂਰ ਹੋ ਜਾਣਗੇ| ਜਿਸ ਵਿੱਚ ਪ੍ਰਸ਼ਾਸ਼ਨ ਨੂੰ ਜਰੂਰੀ ਕਾਰਵਾਈ ਕਰਨੀ ਪਵੇਗੀ| ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕੁਲਵਿੰਦਰ ਸੋਹੀ ਵੀ ਮੌਜੂਦ ਸਨ|