ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਨੇ ਮਨਜ਼ੂਰੀ ਵਾਲੇ ਆਟੋ ਚਾਲਕ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕਰਨ ਦਾ ਇਲਜਾਮ ਲਗਾਇਆ, ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡਸਪਾ) ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆਾ ਹੈ ਕਿ ਉਹਨਾਂ ਦੇ ਪ੍ਰਚਾਰ ਲਈ ਮਨਜ਼ੂਰੀ ਵਾਲੇ ਲਾਊਡ ਸਪੀਕਰ ਵਾਲੇ ਆਟੋ ਦੇ ਚਾਲਕ ਨੂੰ ਮਜਾਤ ਪੁਲੀਸ ਚੌਂਕੀ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ| ਡਸਪਾ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਇਸ ਸਬੰਧ ਵਿੱਚ ਚੋਣ ਕਮਿਸ਼ਨਰ ਅਤੇ ਐਸ.ਐਸ.ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਉਨ੍ਹਾਂ ਦੀ ਪਾਰਟੀ ਦੀ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾਇਆ ਹੈ ਅਤੇ ਸਬੰਧਿਤ ਪੁਲਿਸ ਕਰਮਚਾਰੀਆਂ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਚੋਣ ਕਮਿਸ਼ਨਰ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਚੋਣ ਲੜ ਰਹੇ ਹਨ| ਇਸ ਚੋਣ ਦੇ ਪ੍ਰਚਾਰ ਦੇ ਲਈ ਬਲਵਿੰਦਰ ਸਿੰਘ ਕੁੰਭੜਾ ਨੇ ਚੋਣ ਕਮਿਸ਼ਨ ਤੋਂ ਆਟੋਜ਼ ਅਤੇ ਲਾਊਡ ਸਪੀਕਰਾਂ ਆਦਿ ਦੀ ਮਨਜ਼ੂਰੀ ਵੀ ਲਈ ਹੋਈ ਹੈ| ਇਸ ਦੇ ਬਾਵਜੂਦ 23 ਜਨਵਰੀ 2017 ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਵਾਲਾ ਆਟੋ ਚਾਲਕ ਜਸਵਿੰਦਰ ਸਿੰਘ ਜਦੋਂ ਪੁਲਿਸ ਚੌਂਕੀ ਮਜਾਤ ਦੇ  ਨੇੜੇ ਤੋਂ ਗੁਜ਼ਰ ਰਿਹਾ ਸੀ ਤਾਂ ਉਥੇ ਲੱਗੇ ਪੁਲਿਸ ਨਾਕੇ ‘ਤੇ ਉਸ ਨੂੰ ਰੋਕ ਕੇ ਨਜਾਇਜ਼ ਪ੍ਰੇਸ਼ਾਨ ਕੀਤਾ ਗਿਆ| ਉਸ ਕੋਲ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਨੂੰ ਛੱਡਣ ਲਈ ਰਿਸ਼ਵਤ ਵੀ ਮੰਗੀ ਗਈ| ਜਦੋਂ ਉਸ ਨੇ ਪੁਲਿਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਨੇ ਉਸ ਦੇ ਆਟੋ ਵਿੱਚੋਂ ਸਪੀਕਰ ਵਾਲਾ ਐਂਪਲੀਫ਼ਾਇਰ ਉਤਾਰ ਕੇ ਰੱਖ ਲਿਆ|
ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਮਜਾਤ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਦੀ ਇਸ ਜ਼ੋਰ ਜ਼ਬਰਦਸਤੀ ਕਾਰਨ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਦਾ ਚੋਣ ਪ੍ਰਚਾਰ ਵਿੱਚ ਕਾਫ਼ੀ ਨੁਕਸਾਨ ਹੋਇਆ ਕਿਉਂਕਿ ਆਟੋ ਚਾਲਕ ਸਾਉਂਡ ਸਿਸਟਮ ਨਾ ਹੋਣ ਕਾਰਨ ਪ੍ਰਚਾਰ ਲਈ ਨਹੀਂ ਜਾ ਸਕਿਆ| ਉਨ੍ਹਾਂ ਮੰਗ ਕੀਤੀ ਕਿ ਆਟੋ ਚਾਲਕ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦਾ ਐਂਪਲੀਫਾਇਰ ਉਤਾਰ ਕੇ ਰੱਖਣ ਵਾਲੇ ਪੁਲੀਸ ਮੁਲਾਜ਼ਮਾਂ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *