ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਪਾਬੰਦੀ ਦੀ ਮਿਆਦ ਵਧਾਈ


ਵਾਸ਼ਿੰਗਟਨ, 1 ਜਨਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਦੇ ਕਾਰਨ ਗ੍ਰੀਨ ਕਾਰਡ ਅਤੇ ਕੰਮਕਾਜ਼ੀ ਵੀਜ਼ਾ ਤੇ ਲੱਗੀ ਰੋਕ ਦੀ ਮਿਆਦ 3 ਮਹੀਨਿਆਂ ਤੱਕ ਮਤਲਬ 31 ਮਾਰਚ ਤੱਕ ਵਧਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਅਤੇ ਵੈਕਸੀਨ ਉਪਲਬਧ ਹੈ ਪਰ ਕਿਰਤ ਬਾਜ਼ਾਰ ਅਤੇ ਭਾਈਚਾਰਕ ਸਿਹਤ ਤੇ ਮਹਾਮਾਰੀ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈ.ਟੀ.ਪੇਸ਼ੇਵਰਾਂ ਅਤੇ ਕਈ ਅਮਰੀਕੀ ਤੇ ਭਾਰਤੀ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜਿਹਨਾਂ ਨੂੰ ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਜਾਰੀ ਕੀਤਾ ਸੀ।
ਟਰੰਪ ਨੇ ਪਿਛਲੇ ਸਾਲ 22 ਅਪ੍ਰੈਲ ਅਤੇ 22 ਜੂਨ ਵਿਭਿੰਨ ਸ਼੍ਰੇਣੀਆਂ ਦੇ ਕਾਰਜ਼ ਵੀਜ਼ਾ ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਉਕਤ ਆਦੇਸ਼ 31 ਦਸੰਬਰ ਨੂੰ ਖਤਮ ਹੋ ਰਿਹਾ ਸੀ ਅਤੇ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਇਸ ਨੂੰ 31 ਮਾਰਚ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਹੈ। ਉੱਥੇ ਦੂਜੇ ਪਾਸੇ ਇਕ ਸੰਘੀ ਅਦਾਲਤ ਨੇ ਇਸ ਨਿਯਮ ਤੇ ਟਰੰਪ ਦਾ ਸਮਰਥਨ ਕੀਤਾ ਹੈ ਕਿ ਨਵੇਂ ਪ੍ਰਵਾਸੀਆਂ ਨੂੰ ਆਪਣਾ ਖੁਦ ਦਾ ਸਿਹਤ ਬੀਮਾ ਕਰਵਾਉਣਾ ਪਵੇਗਾ। ਸਾਲ 2020 ਦੇ ਆਖਰੀ ਦਿਨ ਹੋਈਆਂ ਇਹਨਾਂ ਦੋ ਤਬਦੀਲੀਆਂ ਨੇ ਇਹ ਦਿਖਾਇਆ ਕਿ ਕਾਂਗਰਸ ਤੋਂ ਸਮਰਥਨ ਨਾ ਮਿਲਣ ਦੇ ਬਾਵਜੂਦ ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਪਾਬੰਦੀਸ਼ੁਦਾ ਬਣਾਉਣ ਵਿਚ ਸਫਲ ਰਹੇ ਹਨ।
ਉਂਝ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਰੰਪ ਦੇ ਕਈ ਫੈਸਲਿਆਂ ਨੂੰ ਪਲਟਣ ਦਾ ਵਾਅਦਾ ਕੀਤਾ ਹੈ ਪਰ ਇਹ ਸਪਸ਼ੱਟ ਨਹੀਂ ਹੈ ਕਿ ਇਹ ਕਿੰਨੀ ਜਲਦੀ ਅਤੇ ਕਿਸ ਹੱਦ ਤੱਕ ਸੰਭਵ ਹੋ ਸਕੇਗਾ। ਸੰਘੀ ਜੱਜਾਂ ਨੇ ਮਹਾਮਾਰੀ ਸੰਬੰਧੀ ਵੀਜ਼ਾ ਪਾਬੰਦੀਆਂ ਦੇ ਅਸਰ ਨੂੰ ਸੀਮਤ ਕਰ ਦਿੱਤਾ ਸੀ। ਅਪ੍ਰੈਲ ਵਿਚ ਟਰੰਪ ਨੇ ਉਹਨਾਂ ਗ੍ਰੀਨ ਕਾਰਡਾਂ ਤੇ ਰੋਕ ਲਗਾ ਦਿੱਤੀ ਸੀ ਜੋ ਮੁੱਖ ਰੂਪ ਨਾਲ ਅਮਰੀਕਾ ਵਿਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਦੇ ਪਰਿਵਾਰਾਂ ਦੇ ਲਈ ਜਾਰੀ ਕੀਤੇ ਗਏ ਸਨ। ਟਰੰਪ ਨੇ ਜੂਨ ਵਿਚ ਐਚ-1ਬੀ ਵੀਜ਼ਾ, ਐਚ-2ਬੀ ਵੀਜ਼ਾ, ਜੇ-1 ਵੀਜ਼ਾ ਅਤੇ ਐੱਲ-1 ਵੀਜ਼ਾ ਤੇ ਵੀ ਰੋਕ ਲਗਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਹਨਾਂ ਕਦਮਾਂ ਨਾਲ ਮਹਾਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾ ਵਿਚ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਣਗੀਆਂ।
ਐਚ-1ਬੀ ਵੀਜ਼ਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਕੁਝ ਕਾਰੋਬਾਰਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ ਜਿੱਥੇ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ ਹਰੇਕ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ ਤੇ ਨਿਰਭਰ ਹਨ। ਇਸ ਫ਼ੈਸਲੇ ਨਾਲ ਆਪਣੇ ਐਚ1ਬੀ ਵੀਜ਼ਾ ਦੇ ਨਵੀਨੀਕਰਨ ਦਾ ਇੰਤਜ਼ਾਰ ਕਰ ਰਹੇ ਭਾਰਤੀ ਪੇਸ਼ੇਵਰਾਂ ਤੇ ਵੀ ਅਸਰ ਪਵੇਗਾ।.

Leave a Reply

Your email address will not be published. Required fields are marked *