ਡ੍ਰਾਈਵਰ ਦੀ ਗਲਤੀ ਕਾਰਨ ਪੁਲ ਤੇ ਵਾਪਰਿਆ ਹਾਦਸਾ, ਅੱਧਾ ਟਰੱਕ ਲਟਕਦਾ ਰਹਿ ਗਿਆ

ਟੋਰਾਂਟੋ, 30 ਦਸੰਬਰ (ਸ.ਬ.) ਕਾਹਲੀ ਅਤੇ ਅਣਗਹਿਲੀ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਪਰ ਫਿਰ ਵੀ ਲੋਕ ਸਬਕ ਨਹੀਂ ਸਿੱਖ ਰਹੇ| ਟੋਰਾਂਟੋ ਦੇ ਹਾਈਵੇਅ 401 ਤੇ ਇਕ ਡੰਪ ਟਰੱਕ ਜਾ ਰਿਹਾ ਸੀ ਅਤੇ ਅਚਾਨਕ ਇਹ ਪੁਲ ਦੀ ਛੱਤ ਨਾਲ ਟਕਰਾ ਗਿਆ| ਇਹ ਸਭ ਡਰਾਈਵਰ ਦੀ ਅਣਗਹਿਲੀ ਕਾਰਨ ਹੀ ਹੋਇਆ ਕਿਉਂਕਿ ਉਹ ਇਸ ਦੀ ਛੱਤ ਨੂੰ ਸੈੱਟ ਕੀਤੇ ਬਿਨਾਂ ਹੀ ਅੱਗੇ ਲੈ ਗਿਆ| ਇਸ ਕਾਰਨ ਇਸ ਟਰੱਕ ਦਾ ਪਿਛਲਾ ਹਿੱਸਾ ਪੁਲ ਦੀ ਛੱਤ ਨਾਲ ਜਾ ਵੱਜਾ ਤੇ ਉੱਥੇ ਲਟਕ ਗਿਆ ਅਤੇ ਬਾਕੀ ਟਰੱਕ ਅੱਗੇ ਚਲਾ ਗਿਆ|  ਪੁਲੀਸ ਨੇ ਕਿਹਾ ਕਿ ਜੇਕਰ ਇਹ ਹਿੱਸਾ ਕਿਸੇ ਹੋਰ ਵਾਹਨ ਜਾਂ ਵਿਅਕਤੀ ਤੇ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ| ਇਸ ਟਰੱਕ ਪਿੱਛੇ ਜਿਹੜੇ ਲੋਕ ਜਾ ਰਹੇ ਸਨ ਉਨ੍ਹਾਂ ਕਿਹਾ ਕਿ ਉਹ ਬਹੁਤ ਘਬਰਾ ਗਏ ਸਨ ਅਤੇ ਉਨ੍ਹਾਂ ਨੂੰ ਡਰ ਸੀ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ| ਫਿਲਹਾਲ ਪੁਲੀਸ ਇਸ ਨੂੰ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਹੈ| ਪੁਲੀਸ ਨੇ ਕਿਹਾ ਕਿ ਵੱਡਾ ਹਾਦਸਾ ਹੁੰਦੇ-ਹੁੰਦੇ ਰੁਕ ਗਿਆ| ਇਸ ਰਸਤੇ ਨੂੰ ਥੋੜੀ ਦੇਰ ਲਈ ਬੰਦ ਕੀਤਾ ਗਿਆ ਸੀ ਪਰ ਹੁਣ ਫਿਰ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ| ਇਸ ਟਰੱਕ ਡਰਾਈਵਰ ਦੀ ਜਾਂਚ ਵੀ ਹੋ ਚੁੱਕੀ ਹੈ| ਪੁਲੀਸ ਨੇ ਕਿਹਾ ਕਿ ਇਸ ਨੇ ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਨਹੀਂ ਲਿਆ ਹੋਇਆ ਸੀ ਸਗੋਂ ਇਹ ਇਸਦੀ ਵੱਡੀ ਅਣਗਹਿਲੀ ਹੈ|

Leave a Reply

Your email address will not be published. Required fields are marked *