ਢਾਬੇ ਵਿੱਚ ਨਵੇਂ ਰੱਖੇ ਰਸੋਈਏ ਦੇ ਕੋਰੋਨਾ ਪਾਜਿਟਿਵ ਹੋਣ ਦੇ ਡਰ ਕਾਰਨ ਬਾਕੀ ਕਰਮਚਾਰੀਆਂ ਨੇ ਛੱਡਿਆ ਕੰਮ

ਢਾਬੇ ਵਿੱਚ ਨਵੇਂ ਰੱਖੇ ਰਸੋਈਏ ਦੇ ਕੋਰੋਨਾ ਪਾਜਿਟਿਵ ਹੋਣ ਦੇ ਡਰ ਕਾਰਨ ਬਾਕੀ ਕਰਮਚਾਰੀਆਂ ਨੇ ਛੱਡਿਆ ਕੰਮ
ਸ਼ਿਕਾਇਤ ਮਿਲਣ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਨਵੇਂ ਰਸੋਈਏ ਨੂੰ ਵਾਪਸ ਭੇਜਿਆ

ਐਸ.ਏ.ਐਸ. ਨਗਰ, 4 ਜੂਨ (ਸ.ਬ.) ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿੱਚ ਸਥਿਤ ਪਾਲ ਢਾਬੇ ਦੇ ਸਟਾਫ ਵਲੋਂ ਅੱਜ ਸਵੇਰੇ ਇਹ ਕਹਿੰਦਿਆਂ ਢਾਬੇ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਢਾਬੇ ਦੇ ਮਾਲਕ ਵਲੋਂ ਹਿਮਾਚਲ ਤੋਂ ਆਏ ਇੱਕ ਵਿਅਕਤੀ ਨੂੰ ਕੰਮ ਤੇ ਰੱਖਿਆ ਗਿਆ ਹੈ ਜਿਸਨੂੰ ਅਸੂਲਨ 14 ਦਿਨ ਤਕ ਇਕਾਂਤਵਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਖਤਰੇ ਵਿੱਚ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ|
ਢਾਬੇ ਦੇ ਬਾਹਰ ਖੜ੍ਹੇ ਕਰਮਚਾਰੀਆਂ ਨੇ ਦੱਸਿਆ ਕਿ ਢਾਬੇ ਦੇ ਮਾਲਕਾਂ ਵਲੋਂ ਬੀਤੀ ਦੇਰ ਰਾਤ 1 ਵਜੇ ਦੇ ਕਰੀਬ ਸਟਾਫ ਦੇ ਮੈਨੇਜਰ ਨੂੰ ਚੰਡੀਗੜ੍ਹ ਦੇ 43 ਬੱਸ ਅੱਡੇ ਤੋਂ ਇੱਕ ਹਿਮਾਚਲ ਦੇ ਮੰਡੀ ਤੋਂ ਆਏ ਲੇਖਰਾਜ ਨਾਮ ਦੇ ਇੱਕ ਵਿਅਕਤੀ ਨੂੰ ਢਾਬੇ ਤੇ ਕੰਮ ਕਰਨ ਲਈ ਰੱਖਿਆ ਗਿਆ ਹੈ ਅਤੇ ਜਦੋਂ ਬਾਕੀ ਸਟਾਫ ਨੂੰ ਇਸ ਬਾਰੇ ਪਤਾ ਚੱਲਿਆ ਕਿ ਉਹ ਹਿਮਾਚਲ ਤੋਂ ਆਇਆ ਹੈ ਤਾਂ ਉਹਨਾਂ ਵਿੱਚ ਇਸ ਕਾਰਨ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਆਦਮੀ ਕੋਰੋਨਾ ਮਹਾਂਮਾਰੀ ਨਾਲ ਪੀੜਿਤ ਨਾ ਹੋਵੇ| ਇਸ ਮੌਕੇ ਸਥਾਨਕ ਦੁਕਾਨਦਾਰਾਂ ਵਲੋਂ ਇਸ ਸੰਬੰਧੀ ਸਿਹਤ ਵਿਭਾਗ, ਪ੍ਰਸ਼ਾਸ਼ਨ ਅਤੇ ਪੁਲੀਸ ਨੂੰ ਇਸਦੀ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲੀਸ ਵਲੋਂ ਉੱਥੇ ਪਹੁੰਚ ਕੇ ਲੇਖਰਾਜ ਨੂੰ ਬਾਹਰ ਕੱਢ ਕੇ ਉੱਥੋਂ ਭਜਾ ਦਿੱਤਾ ਗਿਆ|
ਸੰਪਰਕ ਕਰਨ ਤੇ ਪਾਲ ਢਾਬੇ ਦੇ ਕੇਅਰਟੇਕਰ ਸ੍ਰ. ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਲੇਖਰਾਜ ਨਾਮ ਦੇ ਇਸ ਵਿਅਕਤੀ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਸੀ ਅਤੇ ਰਿਪੋਰਟ ਵੇਖਣ ਤੋਂ ਬਾਅਦ ਹੀ ਉਸਨੂੰ ਨੌਕਰੀ ਤੇ ਰੱਖਿਆ ਗਿਆ ਸੀ| ਉਹਨਾਂ ਕਿਹਾ ਕਿ ਢਾਬੇ ਦੇ ਕਰਮਚਾਰੀਆਂ ਨੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਸਦੀ ਸ਼ਿਕਾਇਤ ਕੀਤੀ ਅਤੇ ਉਹਨਾਂ ਦੇ ਢਾਬੇ ਤੇ ਆਉਣ ਤੋਂ ਪਹਿਲਾਂ ਹੀ ਪੁਲੀਸ ਵਲੋਂ ਲੇਖਰਾਜ ਨੂੰ ਭਜਾ ਦਿੱਤਾ ਗਿਆ ਸੀ ਜਦੋਂਕਿ ਉਸ ਵਲੋਂ ਪਹਿਲਾਂ ਹੀ ਕੋਰੋਨਾ ਦੀ ਜਾਂਚ ਕਰਵਾਈ ਜਾ ਚੁੱਕੀ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਸੀ|

Leave a Reply

Your email address will not be published. Required fields are marked *