ਤਕਨੀਕੀ ਵਿਕਾਸ ਹੋਣ ਦੇ ਬਾਵਜੂਦ ਰਵਾਇਤੀ ਮੀਡੀਆ ਦੀ ਭੂਮਿਕਾ ਅਹਿਮ : ਸਮੀਰ ਪਾਲ ਸਰੋ

ਚੰਡੀਗੜ੍ਹ, 7 ਜਨਵਰੀ (ਸ.ਬ.) ਲੋਕ ਸੰਪਰਕ ਭਾਈਚਾਰੇ ਵਿਚਕਾਰ ਜਨ ਸੂਚਨਾ ਦੇ ਨਵੇਂ ਰੁਝਾਨਾਂ ਨੂੰ ਹੁਲਾਰਾ ਦੇਣ ਅਤੇ ਨਵੇਂ ਤਕਨੀਕੀ ਵਿਕਾਸ ਦੇ ਪ੍ਰਭਾਵਾਂ ਬਾਰੇ ਪੜਚੌਲ ਕਰਨ ਲਈ ਜਨ ਸੰਪਰਕ ਸੋਸਾਇਟੀ ਆਫ਼ ਇੰਡੀਆ ਦੇ ਚੰਡੀਗੜ੍ਹ ਚੈਪਟਰ ਵੱਲੋਂ ਨਿਊ ਟਰੈਂਡਜ਼ ਇਨ ਪੀਆਰ ਵਿਸ਼ੇ ਤੇ ਆਧਾਰਿਤ ਜਨ ਸੰਪਰਕ ਸਿਖਰ ਸੰਮੇਲਨ-2019 ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਸ਼੍ਰੀ ਸਮੀਰ ਪਾਲ ਸਰੋ, ਡਾਇਰੈਕਟਰ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ, ਹਰਿਆਣਾ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸਮੀਰ ਪਾਲ ਸਰੋ ਨੇ ਕਿਹਾ ਕਿ ਇੱਕ ਜਨ ਸੰਪਰਕ ਅਧਿਕਾਰੀ ਵਿੱਚ ਅਜਿਹੇ ਗੁਣ ਹੋਣੇ ਚਾਹੀਦੇ ਹਨ ਕਿ ਉਹ ਕਿਸੇ ਵੀ ਨਵੀਂ ਜਗ੍ਹਾ ਜਾਂ ਨਵੇਂ ਮਾਹੌਲ ਵਿੱਚ ਆਪਣੀ ਪਹਿਚਾਣ ਬਣਾ ਸਕੇ| ਉਨ੍ਹਾਂ ਕਿਹਾ ਕਿ ਇਸ ਆਧੁਨਿਕ ਤਕਨੀਕ ਯੁੱਗ ਵਿੱਚ ਸੰਚਾਰ ਦੇ ਨਵੇਂ-ਨਵੇਂ ਰੁਝਾਨਾਂ ਨੇ ਸਮਾਜ ਦੇ ਡੂੰਘਾ ਅਸਰ ਪਾਇਆ ਹੈ ਅਤੇ ਤੇਜ਼ੀ ਨਾਲ ਸੂਚਨਾ ਪ੍ਰਾਪਤੀ ਦੀ ਸਹੂਲਤ ਪ੍ਰਦਾਨ ਕੀਤੀ ਹੈ| ਇਸ ਤੋਂ ਇਲਾਵਾ ਨਵੀਆਂ ਤਕਨੀਕਾਂ ਤੇ ਖੋਜਾਂ ਦੀ ਆਮਦ ਨਾਲ ਜਨ ਸੰਪਰਕ ਪੇਸ਼ੇਵਰਾਂ ਨੇ ਵੀ ਅਜੋਕੇ ਯੁੱਗ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਨਵੇਂ ਕੌਸ਼ਲ ਤੇ ਸਮਰੱਥਾ ਨੂੰ ਅਪਣਾਇਆ ਹੈ|
ਇਸ ਮੌਕੇ ਡਾ. ਸੇਨੂ ਦੁੱਗਲ, ਵਧੀਕ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਨੂੰ ਬਿਹਤਰੀਨ ਲੋਕ ਸੰਪਰਕ ਅਧਿਕਾਰੀ ਦਾ ਐਵਾਰਡ ਦਿੱਤਾ ਗਿਆ| ਕਵਿਕ ਰਿਲੇਸ਼ਨਜ਼ ਨੂੰ ਬਿਹਤਰੀਨ ਜਨ ਸੰਪਰਕ ਏਜੰਸੀ ਦਾ ਐਵਾਰਡ ਮਿਲਿਆ ਜਦਕਿ ਪ੍ਰੋ. ਜਯੰਤ ਨਾਰਾਇਣ ਪੇਠਕਰ, ਲੋਕ ਸੰਪਰਕ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਬਿਹਤਰੀਨ ਜਨ ਸੰਪਰਕ ਅਧਿਆਪਕ ਅਵਾਰਡ ਨਾਲ ਸਨਮਾਨਿਆ ਗਿਆ|
ਸੰਮੇਲਨ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਸੋਸ਼ਲ ਮੀਡੀਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਸਾਧਨਾ ਤੇ ਗੰਭੀਰ ਚਰਚਾ ਕੀਤੀ| ਆਪਣੇ ਕੂੰਜੀਵਤ ਭਾਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਡਾਇਰੈਕਟਰ ਬੀ.ਡੀ.ਸ਼ਰਮਾ ਨੇ ਲੋਕ ਸੰਪਰਕ ਦੇ ਪੁਰਾਣੇ ਤੌਰ ਤਰੀਕਿਆਂ ਅਤੇ ਆਧੁਨਿਕ ਤਕਨੀਕਾਂ ਤੇ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਤਕਨੀਕ ਦੇ ਬਦਲਣ ਨਾਲ ਸਕਿੰਟਾਂ ਵਿੱਚ ਸੋਸ਼ਲ ਮੀਡੀਆ ਤੇ ਇੰਟਰਨੈਟ ਰਾਹੀਂ ਸੂਚਨਾ ਦਾ ਅਦਾਨ-ਪ੍ਰਦਾਨ ਹੋ ਜਾਂਦਾ ਹੈ| ਇਸ ਮੌਕੇ ਪੀ.ਆਰ.ਐਸ.ਆਈ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਪੀ.ਆਰ ਏਜੰਸੀ ਦੇ ਮੁਖੀ ਪੀ.ਕੇ ਖੁਰਾਣਾ ਨਿਊਜ-18 ਚੈਨਲ ਦੇ ਸੀਨੀਅਰ ਸੰਪਾਦਕ ਰਿਤੇਸ਼ ਲੱਖੀ, ਪੱਤਰਕਾਰਤਾ ਅਤੇ ਜਨਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੁਖੀ ਡਾ. ਹੈਪੀ ਜੇਜੀ ਅਤੇ ਸਾਬਕਾ ਉਪ ਚੇਅਰਮੈਨ ਵੀ.ਪੀ.ਸ਼ਰਮਾ ਅਤੇ ਪੀ.ਆਰ.ਐਸ.ਆਈ ਚੰਡੀਗੜ੍ਹ ਚੈਪਟਰ ਦੇ ਉਪ ਚੇਅਰਮੈਨ ਆਰ.ਕੇ ਕਪਲਾਸ਼ ਨੇ ਵੀ ਸੰਬੋਧਨ ਕੀਤਾ| ਸਟੇਜ ਦਾ ਸੰਚਾਲਨ ਜਨਰਲ ਸਕੱਤਰ ਡਾ. ਜਿੰਮੀ ਕਾਂਸਲ ਅਤੇ ਰਘਬੀਰ ਚੰਦ ਸ਼ਰਮਾ ਨੇ ਕੀਤਾ|

Leave a Reply

Your email address will not be published. Required fields are marked *