ਤਨਖਾਹਾਂ ਨਾ ਮਿਲਣ ਕਾਰਨ ਸਫਾਈ ਮਜਦੂਰਾਂ ਨੇ ਬੰਦ ਕੀਤਾ ਸਫਾਈ ਦਾ ਕੰਮ ਸ਼ਹਿਰ ਦੀ ਸਫਾਈ ਵਿਵਸਥਾ ਹੋਵੇਗੀ ਪ੍ਰਭਾਵਿਤ

ਐਸ. ਏ. ਐਸ. ਨਗਰ, 14 ਨਵੰਬਰ (ਸ.ਬ.) ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਕੰਪਨੀ ਲਾਇਨ ਸਰਵਿਸ ਵਲੋਂ ਸਫਾਈ ਮਜਦੂਰਾਂ ਨੂੰ ਸਮੇਂ ਤੇ ਤਨਖਾਹਾਂ ਨਾ ਦਿੱਤੇ ਜਾਣ ਕਾਰਨ ਰੋਸ ਵਜੋਂ ਸਫਾਈ ਮਜਦੂਰਾਂ ਨੇ ਅੱਜ ਸਫਾਈ ਦਾ ਕੰਮ ਬੰਦ ਕਰ ਦਿੱਤਾ| ਮਜਦੂਰਾਂ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਉਹਨਾਂ ਨੂੰ ਸੱਤ ਤਰੀਕ ਤਕ ਤਨਖਾਹ ਦਿੱਤੀ ਜਾਣੀ ਹੁੰਦੀ ਹੈ ਪਰੰਤੂ ਕੰਪਨੀ ਵਲੋਂ ਪਿਛਲੇ 2 ਤਿੰਨ ਮਹੀਨਿਆਂ ਤੋਂ ਉਹਨਾਂ ਦੀ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਅਤੇ ਪਿਛਲੇ ਮਹੀਨੇ ਵੀ ਉਹਨਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਕੰਮ ਬੰਦ ਕਰਨਾ ਪਿਆ ਸੀ ਅਤੇ ਇਸ ਵਾਰ ਵੀ ਉਹਨਾਂ ਨੂੰ ਮਜਬੂਰ ਹੋ ਕੇ ਕੰਮ ਬੰਦ ਕਰਨਾ ਪਿਆ ਹੈ|
ਸਫਾਈ ਮਜਦੂਰਾਂ ਵਲੋਂ ਕੰਮ ਬੰਦ ਕੀਤੇ ਜਾਣ ਕਾਰਨ ਅੱਜ ਇੱਥੇ ਸਾਰਾ ਦਿਨ ਸ਼ਹਿਰ ਵਿੱਚ ਸਫਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਥੇ ਜਿਸ ਕਾਰਨ ਆਉਣ ਵਾਲੇ ਸਮੇਂ ਦੌਰਾਨ ਸ਼ਹਿਰ ਵਾਸੀਆਂ ਨੂੰ ਹੋਰ ਪਰੇਸ਼ਾਨੀ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ| ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹ ਕਹਿੰਦੇ ਹਨ ਕਿ ਨਗਰ ਨਿਗਮ ਵਲੋਂ ਉਹਨਾਂ ਨੂੰ ਸਮੇਂ ਤੇ ਅਦਾਇਗੀ ਨਾ ਕੀਤੇ ਜਾਣ ਕਾਰਨ ਸਫਾਈ ਮਜਦੂਰਾਂ ਦੀ ਅਦਾਇਗੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਪਰਤੂ ਹੁਣ ਕੰਪਨੀ ਵਲੋਂ ਮਜਦੂਰਾਂ ਦੀ ਤਨਖਾਹਾਂ ਦੀ ਰਕਮ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ|
ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਕਹਿੰਦੇ ਹਨ ਕਿ ਕੰਪਨੀ ਵਲੋਂ ਇਸ ਤਰੀਕੇ ਨਾਲ ਨਿਗਮ ਤੋਂ ਅਦਾਇਗੀ ਨਾ ਮਿਲਣ ਦਾ ਬਹਾਨਾ ਲਗਾ ਕੇ ਸਫਾਈ ਮਜਦੂਰਾਂ ਦੀ ਤਨਖਾਹ ਰੋਕਣ ਦੀ ਕਾਰਵਾਈ ਨਿਖੇਧੀ ਯੋਗ ਹੈ| ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਸ਼ਹਿਰ ਦੀ ਸਫਾਈ ਦਾ ਕੰਮ ਠੱਪ ਹੋਣ ਨਾਲ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਅਤੇ  ਜਿਸਦੀ ਜਿੰਮੇਵਾਰੀ ਨਗਰ ਨਿਗਮ ਅਤੇ ਸਫਾਈ ਕੰਪਨੀ ਦੀ ਹੀ ਬਣਦੀ ਹੈ| ਉਹਨਾਂ ਕਿਹਾ ਕਿ ਸਿਰਫ ਇੱਕ ਦਿਨ ਹੀ ਸਫਾਈ ਨਾ ਹੋਣ ਕਾਰਨ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਗੰਦਗੀ ਫੈਲ ਗਈ ਹੈ ਅਤੇ ਜੇਕਰ ਇਹ ਹੜਤਾਲ ਕੁਝ ਹੋਰ ਲੰਬੀ ਚਲੀ ਤਾਂ ਫਿਰ ਤਾਂ ਸ਼ਹਿਰ ਦਾ ਰੱਬ ਹੀ ਮਾਲਕ ਹੈ| ਉਹਨਾਂ ਮੰਗ ਕੀਤੀ ਕਿ ਇਸ ਸਥਿਤੀ ਲਈ  ਜਿੰਮੇਵਾਰ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕੰਪਨੀ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਅਤੇ ਇਸਦਾ ਕੰਪਨੀ ਨੂੰ ਨਿਗਮ ਤੋਂ ਮਿਲਣ ਵਾਲੀ ਰਕਮ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ| ਉਹਨਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਸਫਾਈ ਦਾ ਕੰਮ ਪ੍ਰਭਾਵਿਤ ਹੋਵੇਗਾ ਤਾਂ ਇਸ ਸਬੰਧੀ ਕੰਪਨੀ ਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *