ਤਨਾਓ ਅਤੇ ਬੇਰੁਜਗਾਰੀ ਵਿੱਚ ਗ੍ਰਸੇ ਦੇਸ਼ ਦੇ ਨੌਜਵਾਨ

ਵਿਸ਼ਵ ਜਨਸੰਖਿਆ ਦਿਵਸ ਤੇ ਇਹ ਗੱਲ ਫਿਰ ਦੁਹਰਾਈ ਗਈ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ| ਪਿਛਲੇ ਦੋ ਦਹਾਕਿਆਂ ਵਿੱਚ ਇਸ ਜਵਾਨ ਸ਼ਕਤੀ ਦਾ ਕਾਫ਼ੀ ਗੁਣਗਾਨ ਕੀਤਾ ਜਾ ਚੁੱਕਿਆ ਹੈ| ਵਿਸ਼ਵ ਮੰਚਾਂ ਤੇ ਦੱਸਿਆ ਜਾਂਦਾ ਹੈ ਕਿ ਯੂਥ ਪਾਵਰ ਉਤੇ ਕੇਂਦਰਿਤ ਡਿਮੋਗਰੈਫਿਕ ਡਿਵੀਡੈਂਡ ਰਾਹੀਂ ਭਾਰਤ ਦੁਨੀਆ ਵਿੱਚ ਆਲਾ ਮੁਕਾਮ ਹਾਸਲ ਕਰੇਗਾ| ਪਰੰਤੂ ਸਵਾਲ ਇਹ ਹੈ ਕਿ ਕੀ ਅਸੀਂ ਆਪਣੀ ਜਵਾਨ ਸ਼ਕਤੀ ਨੂੰ ਇੰਨੀ ਸਮਰੱਥ ਬਣਾ ਸਕੇ ਕਿ ਉਹ ਦੇਸ਼ ਦੀ ਵਿਕਾਸ ਪ੍ਰਕ੍ਰਿਆ ਨੂੰ ਤੇਜੀ ਨਾਲ ਅੱਗੇ ਵਧਾ ਸਕੇ?
ਇਸਨੂੰ ਇਸ ਰੂਪ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਕਿ ਅਸੀਂ ਨੌਜਵਾਨਾਂ ਨੂੰ ਕਿੰਨਾ ਕੁਸ਼ਲ ਬਣਾਇਆ ਹੈ, ਉਨ੍ਹਾਂ ਦੀ ਯੋਗਤਾ ਨੂੰ ਕਿੰਨਾ ਨਿਖਾਰਿਆ ਹੈ, ਦੇਸ਼ ਦੇ ਵਿਕਾਸ ਦੇ ਕੰਮ ਵਿੱਚ ਉਨ੍ਹਾਂ ਦਾ ਯੋਗਦਾਨ ਕਿਸ ਹੱਦ ਤੱਕ ਯਕੀਨੀ ਕਰ ਸਕੇ ਹਾਂ? ਸੱਚ ਇਹ ਹੈ ਕਿ ਭਾਰਤੀ ਨੌਜਵਾਨਾ ਦਾ ਇੱਕ ਵੱਡਾ ਹਿੱਸਾ ਸਮੁੱਚੀ ਸਿੱਖਿਆ ਅਤੇ ਸਿਹਤ ਤੋਂ ਦੂਰ ਹੈ| ਇਹੀ ਨਹੀਂ, ਸਿੱਖਿਅਤ ਨੌਜਵਾਨਾਂ ਦੀ ਨਿਪੁੰਨਤਾ ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ| ਭਾਰਤ ਸਰਕਾਰ ਦੀ ‘ਯੂਥ ਇਨ ਇੰਡੀਆ, 2017 ਰਿਪੋਰਟ’ ਦੇ ਮੁਤਾਬਕ ਸਾਲ 1971 ਤੋਂ 2011 ਦੇ ਵਿਚਾਲੇ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ 16.8 ਕਰੋੜ ਤੋਂ ਵਧ ਕੇ 42.2 ਕਰੋੜ ਹੋ ਗਈ| ਇਸ ਵਿੱਚ 15 ਤੋਂ 34 ਸਾਲ ਦੀ ਉਮਰ ਦੇ ਲੋਕਾਂ ਨੂੰ ਜਵਾਨ ਮੰਨਿਆ ਗਿਆ ਹੈ ਅਤੇ ਕੁੱਲ ਆਬਾਦੀ ਵਿੱਚ ਉਨ੍ਹਾਂ ਦਾ ਹਿੱਸਾ 34. 8 ਫੀਸਦੀ ਅੰਕਿਤ ਕੀਤਾ ਗਿਆ ਹੈ|
ਕਿਰਤ ਬਿਊਰੋ ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਬੇਰੁਜਗਾਰੀ ਦਰ 2015 – 16 ਵਿੱਚ ਪੰਜ ਫੀਸਦੀ ਤੇ ਪਹੁੰਚ ਗਈ, ਜੋ ਪੰਜ ਸਾਲ ਦਾ ਉਚ ਪੱਧਰ ਹੈ| ਸੀਆਈਆਈ ਦੀ ਇੰਡੀਆ ਸਕਿਲ ਰਿਪੋਰਟ-2015 ਦੇ ਮੁਤਾਬਕ ਹਰ ਸਾਲ ਸਵਾ ਕਰੋੜ ਨੌਜਵਾਨ ਰੁਜਗਾਰ ਬਾਜ਼ਾਰ ਵਿੱਚ ਆਉਂਦੇ ਹਨ, ਪਰ ਇਹਨਾਂ ਵਿਚੋਂ 37 ਫੀਸਦੀ ਹੀ ਰੁਜਗਾਰ ਦੇ ਕਾਬਿਲ ਹੁੰਦੇ ਹਨ| ਜੋ ਨੌਜਵਾਨ ਆਬਾਦੀ ਸਾਡੇ ਵਾਧੇ ਦਾ ਇੰਜਨ ਸਾਬਤ ਹੋ ਸਕਦੀ ਸੀ, ਇਸ ਨਿਰਕੁਸ਼ਲਤਾ ਦੇ ਚਲਦੇ ਉਸਦਾ ਇੱਕ ਵੱਡਾ ਹਿੱਸਾ ਅੱਜ ਬੇਕਾਰ ਪਿਆ ਹੈ| ਨੌਜਵਾਨਾਂ ਵਿੱਚ ਨਕਾਰਾਤਮਕਤਾ ਵਧਣ ਦਾ ਇਹ ਇੱਕ ਵੱਡਾ ਕਾਰਨ ਹੈ|
ਅੱਜ ਕਈ ਨੌਜਵਾਨ ਤਨਾਓ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਵਿਚੋਂ ਕਈ ਹਤਾਸ਼ ਹੋ ਕੇ ਆਤਮਹੱਤਿਆ ਕਰ ਰਹੇ ਹਨ| ਇੱਕ ਸਰਵੇ ਦੇ ਅਨੁਸਾਰ 22 ਤੋਂ 25 ਸਾਲ ਦੀ ਉਮਰ ਦੇ 65 ਫ਼ੀਸਦੀ ਅਤੇ 26 ਤੋਂ 30 ਉਮਰ ਵਰਗ ਦੇ 60 ਫੀਸਦੀ ਨੌਜਵਾਨਾਂ ਵਿੱਚ ਡਿਪ੍ਰੈਸ਼ਨ ਦੇ ਲੱਛਣ ਹਨ| ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਦੇ ਨੈਸ਼ਨਲ ਮੈਂਟਲ ਹੈਲਥ ਸਰਵੇ 2015-16 ਵਿੱਚ ਇਹ ਗੱਲ ਸਾਹਮਣੇ ਆਈ ਹੈ| ਇਸ ਸਰਵੇ ਦੇ ਮੁਤਾਬਕ 18 ਤੋਂ 29 ਸਾਲ ਉਮਰ ਦੇ 7.5 ਫੀਸਦੀ ਨੌਜਵਾਨ ਮਾਨਸਿਕ ਬਿਮਾਰੀਆਂ ਨਾਲ ਗ੍ਰਸਤ ਹਨ| ਨੌਜਵਾਨਾਂ ਵਿੱਚ ਸਭ ਤੋਂ ਜ਼ਿਆਦਾ ਤਨਾਓ ਬੇਰੁਜਗਾਰੀ ਨਾਲ ਪੈਦਾ ਹੋ ਰਿਹਾ ਹੈ| ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (ਐਨਸੀਆਰਬੀ ) ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਾਲ 2014 ਵਿੱਚ ਆਤਮਹੱਤਿਆ ਕਰਨ ਵਾਲਿਆਂ ਵਿੱਚ 18 ਤੋਂ 30 ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ 44, 870 ਸੀ ਅਤੇ ਉਨ੍ਹਾਂ ਤੋਂ ਇਲਾਵਾ 14-18 ਸਾਲ ਦੇ 9, 230 ਕਿਸ਼ੋਰ ਵੀ ਇਸ ਸੂਚੀ ਵਿੱਚ ਸ਼ਾਮਿਲ ਸਨ| ਜਵਾਨ ਦੇਸ਼ ਦਾ ਤਮਗਾ ਭਾਰਤ ਦੇ ਕੋਲ 2035 ਤੱਕ ਰਹਿਣ ਵਾਲਾ ਹੈ| ਮਤਲਬ ਅਸੀਂ ਇੱਕ ਯਾਤਰਾ ਦੇ ਵਿਚਾਲੇ ਹਾਂ| ਇਹੀ ਸਮਾਂ ਹੈ ਕਿ ਅਸੀਂ ਦੇਸ਼ ਲਈ ਨੌਜਵਾਨਾਂ ਦਾ ਵੱਧ ਤੋਂ ਵੱਧ ਯੋਗਦਾਨ ਯਕੀਨੀ ਕਰੀਏ, ਨਹੀਂ ਤਾਂ ਉਨ੍ਹਾਂ ਦੀ ਨਕਾਰਾਤਮਕਤਾ ਸਾਡੇ ਲਈ ਗਲੇ ਦਾ ਪੱਥਰ ਬਣ ਜਾਵੇਗੀ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *