ਤਪਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਤੋਤੇ ਮਰਨ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ


ਤਪਾ ਮੰਡੀ, 8 ਜਨਵਰੀ (ਸ.ਬ.) ਤਪਾ ਦੀ ਬਾਹਰਲੀ ਮੰਡੀ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਵੱਡੀ ਗਿਣਤੀ ਵਿੱਚ ਮਰੇ ਹੋਏ ਤੋਤੇ ਦੇਖੇ ਗਏ। ਮੌਕੇ ਤੇ ਇਕੱਠੇ ਹੋਏ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਸੋਨੂੰ ਮਾਂਗਟ, ਨੰਬਰਦਾਰ ਬਲਵੰਤ ਸਿੰਘ, ਗੁਰਮੁੱਖ ਸਿੰਘ, ਹਰਦੀਪ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਚੌਕੀਦਾਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਮੰਡੀ ਵਿੱਚ ਲੱਗੇ ਦਰਖਤਾਂ ਦੇ ਨਜ਼ਦੀਕ ਵੱਡੀ ਗਿਣਤੀ ਵਿੱਚ ਤੋਤੇ ਮਰੇ ਪਏ ਹਨ। ਉਨ੍ਹਾਂ ਇਸ ਸਬੰਧੀ ਤਪਾ ਦੇ ਵੈਟਰਨਰੀ ਡਾ. ਸੁਰਜੀਤ ਸਿੰਘ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਵੈਟਰਨਰੀ ਡਾ. ਸੁਰਜੀਤ ਸਿੰਘ ਮੌਕੇ ਤੇ ਪੁੱਜੇ, ਜਿਨ੍ਹਾਂ ਕਿਹਾ ਕਿ ਬਰਨਾਲੇ ਤੋਂ ਵੈਟਰਨਰੀ ਡਾਕਟਰਾਂ ਦੀ ਇਕ ਟੀਮ ਪਹੁੰਚ ਰਹੀ ਹੈ। ਟੀਮ ਵਲੋਂ ਤੋਤਿਆਂ ਦਾ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਦੇ ਮਰਨ ਦਾ ਕੀ ਕਾਰਨ ਹੈ।

Leave a Reply

Your email address will not be published. Required fields are marked *