ਤਬਦੀਲੀ ਸਦਕਾ ਹੀ ਵਿਕਾਸ ਸੰਭਵ : ਤਰਕਸ਼ੀਲ

ਖਰੜ, 15 ਜਨਵਰੀ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਪਿੰਡ ਦਾਊਂ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸ਼ਨੀ’ ਲਗਾਈ ਗਈ| ਇਸ ਮੌਕੇ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਆਮ ਕਰਕੇ ਤਿਉਹਾਰਾਂ-ਮੇਲਿਆਂ ਨੂੰ ਕਿਸੇ ਖਾਸ ਧਰਮ ਜਾਂ ਫਿਰਕੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਤਿਹਾਸ ਦੀ ਡੂੰਘਾਈ ਨਾਲ਼ ਖੋਜਬੀਣ ਕੀਤਿਆਂ ਇਹਨਾਂ ਦਾ ਸਬੰਧ ਖੇਤੀਬਾੜੀ ਅਧਾਰਿਤ ਸਮਾਜਿਕ ਵਿਵਸਥਾ ਨਾਲ਼ ਜੁੜਿਆ ਮਿਲਦਾ ਹੈ| ਉਸ ਯੁੱਗ ਵਿੱਚ ਜਦੋਂ ਫਸਲਾਂ ਦੀ ਬਿਜਾਈ ਅਤੇ ਵਢਾਈ ਮਹੀਨਿਆਂ ਬੱਧੀ ਚਲਦੀ ਸੀ ਲੋਕਾਂ ਵੱਲੋਂ ਬਿਜਾਈ ਜਾਂ ਵਢਾਈ ਤੋਂ ਵਿਹਲੇ ਹੋਣ ਦੀ ਖੁਸ਼ੀ ਵਿੱਚ ਮੇਲਿਆਂ ਅਤੇ ਤਿਓਹਾਰਾਂ ਦਾ ਆਯੋਜਨ ਕੀਤਾ ਜਾਂਦਾ ਸੀ| ਲੋਹੜੀ ਦਾ ਤਿਉਹਾਰ ਵੀ ਹਾੜੀ ਦੀ ਫਸਲ ਦੀ ਬਿਜਾਈ ਤੋਂ ਵਿਹਲੇ ਹੋਣ ਦੀ ਖੁਸ਼ੀ ਵਿੱਚ ਮਨਾਉਣਾ ਸ਼ੁਰੂ ਹੋਇਆ|
ਸੁਸਾਇਟੀ ਦੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਭਾਰਤੀ ਤਿਉਹਾਰਾਂ ਦੀਆਂ ਮਿਤੀਆਂ ਚੰਦਰਮਾਂ ਅਧਾਰਿਤ ਕੈਲੰਡਰ ਅਨੁਸਾਰ ਤੈਅ ਹੁੰਦੀਆਂ ਹਨ ਜਦੋਂਕਿ ਵਿਸ਼ਵ ਪੱਧਰ ਤੇ ਸੂਰਜੀ ਕੈਲੰਡਰ ਪ੍ਰਚੱਲਿਤ ਹੈ| ਇਸ ਕਰਕੇ ਸਿਰਫ ਲੋਹੜੀ ਦੇ ਤਿਉਹਾਰ ਅਤੇ ਮਾਘੀ ਦੇ ਮੇਲੇ ਤੋਂ ਬਿਨਾਂ ਬਾਕੀ ਸਾਰੇ ਤਿਉਹਾਰਾਂ ਦੇ ਦਿਨ-ਤਾਰੀਖ ਹਰ ਸਾਲ ਅੱਗੜ-ਪਿੱਛੜ ਹੋ ਜਾਂਦੇ ਹਨ| ਸਾਡੇ ਦੇਸ਼ ਵਿੱਚ ਸਮੇਂ ਦੀ ਗਣਨਾਂ ਚੰਦਰਮਾਂ ਨਾਲ਼ ਜੁੜੀ ਹੋਣ ਕਾਰਨ ਹੀ ਭਾਰਤ ਅੱਜ ਵੀ ਮਹੂਰਤਾਂ, ਟੇਵਿਆਂ, ਜੋਤਿਸ਼ ਆਦਿ ਵਿੱਚ ਉਲਝਿਆ ਪਿਆ ਹੈ|
ਇਸ ਮੌਕੇ ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ, ਇਸ ਲਈ ਸਮੇਤ ਮਨੁੱਖੀ ਸਮਾਜ ਦੇ ਦੁਨੀਆਂ ਦੀ ਕੋਈ ਵੀ ਚੀਜ ਬਦਲਾਅ ਤੋਂ ਅਛੂਤੀ ਨਹੀਂ ਰਹਿ ਸਕਦੀ| ਤਬਦੀਲੀ ਸਦਕਾ ਹੀ ਵਿਕਾਸ ਸੰਭਵ ਹੈ| ਤਬਦੀਲੀ ਦੇ ਨਿਯਮਾਂ ਵਿੱਚ ਬੱਝਾ ਮਨੁੱਖੀ ਸਮਾਜ ਵੱਖ-ਵੱਖ ਪੜਾਅ ਪਾਰ ਕਰਦਾ ਹੋਇਆ ਅਜੋਕੇ ਯੁੱਗ ਤੱਕ ਪੁੱਜਾ ਹੈ| ਮਨੁੱਖ ਨੂੰ ਗੁਫਾਵਾਂ ਵਿੱਚੋਂ ਕੱਢ ਕੇ ਅਜੋਕੇ ਯੁੱਗ ਤੱਕ ਲੈਕੇ ਆਉਣ ਵਿੱਚ ਵਿਗਿਆਨਿਕ-ਚੇਤਨਾ ਦਾ ਬਹੁਤ ਵੱਡਾ ਰੋਲ ਹੈ| ਅੱਜ ਵਿਗਿਆਨਿਕ-ਚੇਤਨਾ ਦੇ ਪਸਾਰ ਸਦਕਾ ਹੀ ਕੁਝ ਦੇਸ਼ ਖੁਸ਼ਹਾਲ ਅਤੇ ਬਾਕੀ ਪਛੜੇ ਹੋਏ ਹਨ| ਸੁਜਾਨ ਬਡਾਲ਼ਾ ਨੇ ਤਰਕਸ਼ੀਲ ਸੁਸਾਇਟੀ ਦੇ ਮਿਸ਼ਨ ਬਾਰੇ ਦੱਸਦਿਆਂ ਕਿਹਾ ਕਿ ਤਰਕਸ਼ੀਲ ਕਾਮੇ ਲੋਕ-ਪੱਖੀ ਸਾਹਿਤ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਕੇ ਅਗਾਂਹਵਧੂ ਸਮਾਜ ਦੀ ਸਥਾਪਤੀ ਲਈ ਯਤਨਸ਼ੀਲ ਹਨ| ਇਸ ਪ੍ਰਸਰਸ਼ਨੀ ਵਿੱਚ ਅੰਧ-ਵਿਸ਼ਵਾਸਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਹੋਕਾ ਦਿੰਦੀਆਂ ਪੁਸਤਕਾਂ ਲੋਕਾਂ ਦੀ ਖਿੱਚ ਦਾ ਹਿੱਸਾ ਬਣੀਆਂ ਰਹੀਆਂ| ਮੇਲੇ ਵਿੱਚ ਆਏ ਲੋਕਾਂ ਨੇ ਤਰਕਸ਼ੀਲ ਪੁਸਤਕਾਂ ਖਰੀਦਣ ਵਿੱਚ ਕਾਫੀ ਉਤਸ਼ਾਹ ਦਿਖਾਇਆ

Leave a Reply

Your email address will not be published. Required fields are marked *