ਤਰਕਸ਼ੀਲ ਸੁਸਾਇਟੀ ਨੇ ਤਰਕ ਅਪਣਾਓ-ਅੰਧ ਵਿਸ਼ਵਾਸ਼ ਭਜਾਓ ਸਮਾਗਮ ਕਰਵਾਇਆ

ਖਰੜ, 22 ਜੁਲਾਈ (ਸ.ਬ.) ਤਰਕਸ਼ੀਲਾਂ ਨੇ ਪਿਛਲੇ ਤੀਹ ਸਾਲਾਂ ਦੌਰਾਨ ਮਾਨਸਿਕ ਰੋਗਾਂ ਦੇ  ਕਈ ਕੇਸ ਹੱਲ ਕਰਕੇ ਸਾਬਤ ਕੀਤਾ ਕਿ ਭੂਤ-ਪ੍ਰੇਤਾਂ, ਜਿੰਨਾਂ-ਚੁੜੇਲਾਂ, ਆਤਮਾਵਾਂ ਆਦਿ ਦੀ ਕੋਈ ਹੋਂਦ ਨਹੀਂ ਹੁੰਦੀ| ਕਿਸੇ ਨੂੰ ਦੰਦਲ-ਦੌਰਾ ਪੈਣਾ, ਅਖੌਤੀ ਪੀਰ ਜਾਂ ਮਾਤਾ ਦੇ ਨਾਂ ਉੱਤੇ ਖੇਡਣਾ, ਸਿਰ ਘੁੰਮਾਉਣਾ ਆਦਿ ਪਿੱਛੇ ਕੋਈ ਨਾ ਕੋਈ ਮਾਨਸਿਕ ਜਾਂ ਸਰੀਰਕ ਵਿਕਾਰ ਹੁੰਦਾ ਹੈ, ਇਹ ਵਿਚਾਰ ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਪਿੰਡ ਸਹੌੜਾਂ ਵਿਖੇ ਕਰਵਾਏ ਗਏ ਪ੍ਰੋਗਰਾਮ ”ਤਰਕ ਅਪਣਾਓ-ਅੰਧਵਿਸ਼ਵਾਸ ਭਜਾਓ” ਦੀ ਸੁਰੂਆਤ ਕਰਦਿਆਂ ਕੁਲਵਿੰਦਰ ਨਗਾਰੀ ਨੇ  ਪ੍ਰਗਟ ਕੀਤੇ|
ਇਸ ਮੌਕੇ ਤਰਕਸ਼ੀਲ਼ਾਂ ਨਾਲ਼ ਪਿੰਡ ਵਾਸੀਆਂ ਦੀ ਜਾਣ-ਪਛਾਣ ਕਰਾਉਂਦਿਆਂ ਮਾਸਟਰ ਜਰਨੈਲ ਸਹੌੜਾਂ ਨੇ ਦੱਸਿਆ ਕਿ ਅੱਜ ਇੱਕ ਖਾਸ ਸੋਚ ਦੇ ਲੋਕਾਂ ਵੱਲੋਂ ਇੱਕ ਵਿਸੇਸ                  ਪ੍ਰਾਪੇਗੰਡਾ ਤਹਿਤ ਪੂਰੇ ਦੇਸ ਦੀ ਫਿਜ਼ਾ ਵਿੱਚ ਫਿਰਕੂ-ਜ਼ਹਿਰ ਘੋਲਣ ਦੇ ਯਤਨ ਕੀਤੇ ਜਾ ਰਹੇ ਹਨ ਇਸ ਮੁਸ਼ਕਿਲ ਸਮੇਂ ਵਿੱਚ ਤਰਕਸ਼ੀਲ਼ਾਂ ਵੱਲੋਂ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ|
ਇਸ ਮੌਕੇ ਸੁਜਾਨ ਬਡਾਲ਼ਾ ਨੇ ਆਪਣੇ ਬੈਗ ਵਿੱਚੋਂ ਧਾਗੇ-ਤਵੀਤਾਂ ਦਾ ਰੁੱਗ ਕੱਢ ਕੇ ਲੋਕਾਂ ਨੂੰ ਦਿਖਾਉਂਦਿਆ ਕਿਹਾ ਕਿ ਸਾਧਾਂ-ਤਾਂਤਰਿਕਾਂ ਵੱਲੋਂ ਦਿੱਤੇ ਜਾਂਦੇ ਧਾਗੇ-ਤਵੀਤ ਨੂੰ ਅਸੀਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਅਤੇ ਗਲ਼ਾਂ ਵਿੱਚੋਂ ਉਤਰਵਾਇਆ ਹੈ ਕਿਉਂਕਿ ਇਨ੍ਹਾਂ ਨਾਲ਼ ਕੋਈ ਫਾਇਦਾ ਤਾਂ ਹੁੰਦਾ ਨਹੀਂ ਬਲਕਿ ਧਾਗੇ ਵਿੱਚ ਫਸੀ ਹੋਈ ਮੈਲ ਅਤੇ ਗੰਦਗੀ ਵਿੱਚ ਬੈਕਟੀਰੀਆ ਪਣਪਦਾ ਰਹਿੰਦਾ ਹੈ ਜਿਸ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ|
ਇਸ ਪ੍ਰੋਗਰਾਮ ਦੌਰਾਨ ਜ਼ੋਨਲ ਆਗੂ ਬਲਦੇਵ ਜਲਾਲ ਨੇ ਜਾਦੂ ਦੇ ਟਰਿੱਕ ਦਿਖਾ ਕੇ ਦੱਸਿਆ ਕਿ ਅਸੀ ਸਿਰਫ ਲੋਕਾਂ ਦੇ ਮਨੋਰੰਜਨ ਵਾਸਤੇ ਜਾਦੂ ਨਹੀਂ ਦਿਖਾਉਂਦੇ ਬਲਕਿ ਸਾਡਾ ਮੰਤਵ ਲੋਕਾਂ ਨੂੰ ਇਹ ਦੱਸਣਾ ਹੈ ਕਿ ਤਾਂਤਰਿਕਾਂ ਵੱਲੋਂ ਪ੍ਰਚਾਰਿਆ ਜਾਂਦਾ ‘ਕਾਲ਼ਾ-ਜਾਦੂ’ ਜਾਂ ‘ਕਾਲ਼ਾ-ਇਲਮ’ ਸਿਰਫ ਹੱਥ ਦੀ ਸਫਾਈ ਅਤੇ ਨਜ਼ਰ ਦਾ ਧੋਖਾ ਹੀ ਹੁੰਦਾ ਹੈ| ਸ੍ਰੀ ਜਲਾਲ ਨੇ ਜੋਤਿਸ਼ ਬਾਰੇ  ਲੋਕ-ਮਨਾਂ ਵਿੱਚ ਪਏ ਭਰਮ-ਭੁਲੇਖੇ ਦੂਰ ਕਰਦਿਆਂ ਕਿਹਾ ਕਿ ਜੋਤਿਸ਼ ਦੇ ਨਾਂ ਉੱਤੇ ਅੱਜਕੱਲ ‘ਪੜ੍ਹੇ-ਲਿਖਿਆਂ’ ਦੀ ਵੀ ਵੱਡੇ ਪੱਧਰ ਉੱਤੇ ਛਿੱਲ ਲਾਹੀ ਜਾ ਰਹੀ ਹੈ| ਅਖੌਤੀ ਜੋਤਿਸ਼-ਵਿੱਦਿਆ, ਹੱਥ ਦੀਆਂ ਰੇਖਾਵਾਂ, ਗ੍ਰਹਿ-ਚਾਲ, ਗ੍ਰਹਿ-ਨਛੱਤਰ ਆਦਿ ਆਮ ਜਨਤਾ ਨੂੰ ਠੱਗਣ ਦਾ ਗੋਰਖਧੰਦਾ ਹੈ|ਜੋਤਿਸ਼ ਨੂੰ ਵਿਗਿਆਨਿਕ ਰੰਗਤ ਦੇਣ ਵਾਲ਼ਿਆਂ ਨੂੰ ਬਲਦੇਵ ਜਲਾਲ ਨੇ ਚੈਲਿੰਜ ਕੀਤਾ ਕਿ ਅਸੀਂ ਜੋਤਿਸ਼ੀਆਂ ਨੂੰ ਦਸ ਜਨਮ-ਪੱਤਰੀਆਂ ਬਣਾ ਕੇ ਦੇਵਾਂਗੇ ਜੇਕਰ ਕੋਈ ਜੋਤਿਸ਼ੀ ਉਨਾਂ ਜਨਮ-ਪੱਤਰੀਆਂ ਨੂੰ ਦੇਖ ਕੇ ਬਿਲਕੁਲ ਸਹੀ ਸਹੀ ਇਹ ਦੱਸ ਦੇਵੇ ਕਿ ਇਨਾਂ ਵਿੱਚੋਂ ਕਿਹੜੀ ਪੱਤਰੀ ਨਰ ਅਤੇ ਮਾਦਾ ਦੀ, ਕਿਹੜੀ ਵਿਆਹੇ ਅਤੇ ਅਣਵਿਆਹੇ ਦੀ, ਕਿਹੜੀ ਜਨਮ-ਪੱਤਰੀ ਵਾਲ਼ਾ ਜਿੰਦਾ ਹੈ ਅਤੇ ਕਿਹੜੀ ਵਾਲ਼ਾ ਮਰ ਚੁੱਕਿਆ ਹੈ ਤਾਂ ਤਰਕਸ਼ੀਲ਼ ਸੁਸਾਇਟੀ ਵੱਲੋਂ ਉਸ ਨੂੰ ਪੰਜ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ|
ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ  ਕਿਹਾ ਕਿ ਮਨੁੱਖੀ-ਬਰਾਬਰੀ ਦੇ ਜਿਸ ਸਮਾਜ ਦੀ ਸਿਰਜਣਾ ਦਾ ਟੀਚਾ ਤਰਕਸ਼ੀਲ ਸੁਸਾਇਟੀ ਲੈਕੇ ਚੱਲ ਰਹੀ ਹੈ ਉਹ ਲੋਕਾਂ ਦੀ ਭਰਵੀਂ ਸਮੂਲੀਅਤ ਬਿਨਾਂ ਸੰਭਵ ਨਹੀਂ|
ਇਸ ਮੌਕੇ ਸੁਰਿੰਦਰ ਸਿੰਬਲ਼ਮਾਜਰਾ, ਗੁਰਮੀਤ ਸਹੌੜਾਂ, ਰਾਜੇਸ ਸਹੌੜਾਂ ਅਤੇ ਅਵਤਾਰ ਸਹੌੜਾਂ ਨੇ ‘ਪੁਸਤਕ-ਪ੍ਰਦਰਸਨੀ’ ਲਾ ਕੇ ਤਰਕਸ਼ੀਲ ਸਾਹਿਤ ਬੱਚਿਆਂ ਅਤੇ ਪਿੰਡ ਵਾਸੀਆਂ ਤੱਕ ਪੁੱਜਦਾ ਕੀਤਾ| ਇਸ ਮੌਕੇ ਡਾ.ਹਰਮਿੰਦਰ ਸਿੰਘ, ਦਵਿੰਦਰ ਸਿੰਘ ਪੰਚ, ਦਲੇਰ ਸਿੰਘ, ਵਿਜੇ ਕੁਮਾਰ  ਅਤੇ ਲਾਲੀ  ਵੀ ਮੌਜੂਦ ਸਨ|

Leave a Reply

Your email address will not be published. Required fields are marked *