ਤਾਕਤ ਵਧਾਉਣ ਵਾਲੀ ਦਵਾਈ ਦੀ ਵਰਤੋਂ ਕਾਰਨ ਹੋਈ ਏਸ਼ੀਆਈ ਚੈਂਪੀਅਨਸ਼ਿਪ ਪਹਿਲਵਾਨ ਕੁੰਵਰਪਾਲ ਦੀ ਮੌਤ : ਪੁਲੀਸ


ਮਥੁਰਾ, 11 ਨਵੰਬਰ (ਸ.ਬ.) ਕਰੀਬ 4 ਦਹਾਕੇ ਪਹਿਲਾਂ ਏਸ਼ੀਆਈ ਚੈਂਪੀਅਨਸ਼ਿਪ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਸਿਲਵਰ ਤਮਗਾ ਪ੍ਰਾਪਤ ਕਰਨ ਵਾਲੇ ਹਾਥਰਸ ਦੇ ਪਹਿਲਵਾਨ ਕੁੰਵਰਪਾਲ ਸਿੰਘ ਦੀ ਮੌਤ ਪਾਵਰ ਵਧਾਉਣ ਵਾਲੀ ਦਵਾਈ (ਟੌਨਿਕ) ਦੀ ਵਧੇਰੇ ਮਾਤਰਾ ਲੈਣ ਕਾਰਨ ਹੋਈ| ਇਹ ਜਾਣਕਾਰੀ ਐਸ. ਪੀ. ਉਦੈ ਸ਼ੰਕਰ ਸਿੰਘ ਨੇ ਵਿਸਰਾ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਦਿੱਤੀ| ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੰਵਰਪਾਲ 30 ਅਕਤੂਬਰ ਨੂੰ ਆਪਣੇ ਪੁੱਤਰ ਨਾਲ ਉਸ ਦੇ ਸਹੁਰੇ ਰਾਯਾ ਦੇ ਨੁਨੇਰਾ ਪਿੰਡ ਗਏ ਸਨ| 
ਉਨ੍ਹਾਂ ਦਾ ਪੁੱਤਰ ਉਸੇ ਦਿਨ ਹਾਥਰਸ ਪਰਤ ਗਿਆ ਸੀ ਪਰ ਕੁੰਵਰਪਾਲ ਸਿੰਘ ਵਰਿੰਦਾਵਨ ਦੀ ਘੋੜਾ ਵਾਲੀ ਬਗੀਚੀ ਵਿੱਚ ਰਾਤ ਰੁਕਣ ਲਈ ਚੱਲੇ ਗਏ ਸਨ| ਉਸ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਸਵੇਰੇ ਬਰਸਾਨਾ ਖੇਤਰ ਦੇ ਰਹਿੜਾ ਪਿੰਡ ਵਿਚ ਰਹਿਣ ਵਾਲੇ ਆਪਣੇ ਗੁਰੂ ਭਾਈ ਮਹਾਵੀਰ ਨੂੰ ਮਿਲਣ ਜਾਣਾ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਅਤੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਲਾਸ਼ ਥਾਣਾ ਗੋਵਿੰਦ ਨਗਰ ਖੇਤਰ ਦੇ ਬਾਈਪਾਸ ਲਿੰਕ ਰੋਡ ਤੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਪਈ ਮਿਲੀ|
ਉਦੈ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਕੁੰਵਰਪਾਲ ਦੇ ਵਰਿੰਦਾਵਨ ਦੀ ਘੋੜਾ ਵਾਲੀ ਬਗੀਚੀ ਵਿਚ ਰਹਿਣ ਵਾਲੀ ਇਕ ਮਹਿਲਾ ਨਾਲ 20 ਸਾਲਾਂ ਤੋਂ ਪ੍ਰੇਮ ਸਬੰਧ ਸਨ| ਦਰਅਸਲ ਉਹ ਉਸ ਦਿਨ ਉਸ ਮਹਿਲਾ ਨੂੰ ਮਿਲਣ ਵਰਿੰਦਾਵਨ ਆਏ ਸਨ| ਉਕਤ ਮਹਿਲਾ ਤੋਂ ਜਦੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਰਾਤ ਕੁੰਵਰਪਾਲ ਨੇ ਕੋਈ ਪਾਵਰ ਵਧਾਉਣ ਵਾਲੀ ਦਵਾਈ ਖਾਧੀ ਸੀ, ਜਿਸ ਦੀ ਮਾਤਰਾ ਵਧੇਰੇ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਮਹਿਲਾ ਮੁਤਾਬਕ ਰਾਤ ਨੂੰ ਜਦੋਂ ਕੁੰਵਰਪਾਲ ਦੀ ਹਾਲਤ ਵਿਗੜੀ, ਉਦੋਂ ਮਹਿਲਾ ਬਗੀਚੀ ਵਿੱਚ ਹੀ ਰਹਿਣ ਵਾਲੇ ਇਕ ਬਾਬਾ ਨਾਲ ਉਨ੍ਹਾਂ ਨੂੰ ਲੈ ਕੇ ਵਰਿੰਦਾਵਨ ਦੇ ਸਰਕਾਰੀ ਹਸਪਤਾਲ ਪੁੱਜੀ ਸੀ, ਜਿੱਥੋਂ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਕੁੰਵਰਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਪੁਲੀਸ ਮੁਤਾਬਕ ਮਹਿਲਾ ਨੇ ਵਰਿੰਦਾਵਨ ਵਾਪਸ ਪਰਤਣ ਤੋਂ ਪਹਿਲਾਂ ਕੁੰਵਰਪਾਲ ਦੀ ਲਾਸ਼ ਮਸਾਨੀ ਖੇਤਰ ਵਿਚ ਸ਼ਰਾਬ ਦੇ        ਠੇਕੇ ਸਾਹਮਣੇ ਸੁੱਟ ਦਿੱਤੀ| ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *