ਤਾਕਤ ਵਧਾਊ ਦਵਾਈਆਂ ਦੇ ਨਾਮ ਤੇ ਕੀਤਾ ਜਾ ਰਿਹਾ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ

ਐਸ ਏ ਐਸ ਨਗਰ, 11 ਜੂਨ (ਜਗਮੋਹਨ ਸਿੰਘ) ਮੁਹਾਲੀ ਸ਼ਹਿਰ ਵਿੱਚ ਵੱਖ ਵੱਖ ਸ਼ਹਿਰਾਂ ਵਿਚੋਂ ਆਉਂਦੇ ਰਸਤਿਆਂ ਉਪਰ ਸੜਕਾਂ ਕਿਨਾਰੇ ਹੀ ਮਰਦਾਨਾ ਤਾਕਤ ਵਧਾਊ ਅਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਦਾ ਸ਼ਰਤੀਆ ਇਲਾਜ ਕਰਨ ਵਾਲੇ ਝੋਲਾ ਛਾਪ ਡਾਕਟਰ ਤੰਬੂਆਂ ਵਿੱਚ ਹੀ ਜਾਂ ਫਿਰ ਦਰਖਤਾਂ ਦੀ ਛਾਵੇਂ ਇਕ ਮੇਜ ਰੱਖ ਕੇ ਆਪਣੇ ਦੇਸੀ ਕਲੀਨਿਕ ਖੋਲ ਕੇ ਬੈਠੇ ਹਨ| ਹਰ ਦਿਨ ਹੀ ਵੇਖਿਆ ਜਾਂਦਾ ਹੈ ਕਿ ਭੋਲੇ ਭਾਲੇ ਲੋਕ ਇਹਨਾਂ ਕੋਲ ਆਪਣਾ ਸਸਤਾ ਇਲਾਜ ਕਰਵਾਉਣ ਦੇ ਚਕਰ ਵਿੱਚ ਫਸ ਜਾਂਦੇ ਹਨ| ਇਹਨਾਂ ਦੇਸੀ ਡਾਕਟਰਾਂ ਨੇ ਨਾ ਤਾਂ ਕੋਈ ਡਿਗਰੀ ਕੀਤੀ ਹੁੰਦੀ ਹੈ ਅਤੇ ਨਾ ਹੀ ਇਹਨਾਂ ਕੋਲ ਸਿਹਤ ਮਾਹਿਰ ਹੋਣ ਦਾ ਕੋਈ ਤਜਰਬਾ ਹੀ ਹੁੰਦਾ ਹੈ| ਇਹਨਾਂ ਝੋਲਾ ਛਾਪ ਡਾਕਟਰਾਂ ਨੇ ਆਪਣੇ ਫੜੀ ਤੇ ਟੈਂਟ ਨੁਮਾ ਕਲੀਨਿਕ ਵਿੱਚ ਹੀ ਕਈ ਪ੍ਰਸਿੱਧ ਵਿਅਕਤੀਆਂ ਨਾਲ ਆਪਣੀਆਂ ਫੋਟੋਆਂ ਖਿਚਵਾ ਕੇ ਲਾਈਆਂ ਹੁੰਦੀਆਂ ਹਨ ਅਤੇ ਆਪਣੇ ਆਪ ਨੂੰ ਇਹ ਸਾਰੇ ਹੀ ਖਾਨਦਾਨੀ ਵੈਦ ਹੋਣ ਦਾ ਦਾਅਵਾ ਕਰਦੇ ਹਨ|
ਇਹ ਖਾਨਦਾਨੀ ਵੈਦ ਅਕਸਰ ਹੀ ਹਰ ਮਰੀਜ ਦਾ ਸ਼ਾਹੀ ਇਲਾਜ ਕਰਨ ਦੇ ਨਾਂਅ ਤੇ ਲੋਕਾਂ ਦੀ ਚੰਗੀ ਛਿਲ ਉਤਾਰਦੇ ਹਨ| ਇਸ ਤੋਂ ਇਲਾਵਾ ਇਹ ਵੈਦ ਸੁਆਹ ਦੀਆਂ ਪੁੜੀਆਂ ਨੂੰ ਹੀ ਸੋਨੇ ਦੀ ਭਸਮ ਕਹਿ ਕੇ ਬਹੁਤ ਮਹਿੰਗੇ ਭਾਅ ਮਰੀਜਾਂ ਨੂੰ ਵੇਚਦੇ ਹਨ|
ਇਹਨਾਂ ਅਖੌਤੀ ਖਾਨਦਾਨੀ ਵੈਦਾਂ ਨੂੰ ਅਕਸਰ ਹੀ ਲੋਕ ਨੀਮ ਹਕੀਮ ਖਤਰਾ ਏ ਜਾਨ ਕਹਿੰਦੇ ਹਨ| ਇਹ ਨੀਮ ਹਕੀਮ ਹਰ ਬਿਮਾਰੀ ਦਾ ਇਲਾਜ ਕਰਨ ਦਾ ਦਾਅਵਾ ਕਰਦਿਆਂ ਹਰ ਮਰੀਜ ਨੂੰ ਇਕੋ ਤਰ੍ਹਾਂ ਦੀਆਂ ਕਿਸੇ ਚੂਰਨ ਜਾਂ ਸੁਆਹ ਦੀਆਂ ਪੁੜੀਆਂ ਜਿਹੀਆਂ ਵੇਚਦੇ ਰਹਿੰਦੇ ਹਨ| ਇਹਨਾਂ ਦੀ ਦਵਾਈ ਕਾਰਨ ਅਕਸਰ ਹੀ ਲੋਕ ਠੀਕ ਹੋਣ ਦੀ ਥਾਂ ਗੰਭੀਰ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ| ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਮੁਹਾਲੀ ਨੂੰ ਆਉਂਦੇ ਵੱਖ ਵੱਖ ਰਸਤਿਆਂ ਉਪਰ ਕਈ ਦੇਸੀ ਨੀਮ ਹਕੀਮਾਂ ਵਲੋਂ ਸੰਡੇ ਦਾ ਤੇਲ ਅਤੇ ਹੋਰ ਕਈ ਤਰ੍ਹਾਂ ਦਾ ਤਾਕਤ ਵਧਾਊ ਤੇਲ ਵੀ ਬੋਰਡ ਅਤੇ ਬੈਨਰ ਲਗਾ ਕੇ ਵੇਚਿਆ ਜਾ ਰਿਹਾ ਹੈ| ਇਹਨਾਂ ਲੋਕਾਂ ਵਲੋਂ ਸਰੇਆਮ ਇਸ ਤਰ੍ਹਾਂ ਧੰਦਾ ਕਰਨ ਦੇ ਬਾਵਜੂਦ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸ ਕਾਰਨ ਦਿਨ ਦਿਹਾੜੇ ਇਹਨਾਂ ਨਕਲੀ ਨੀਮ ਹਕੀਮਾਂ ਵਲੋਂ ਲੋਕਾਂ ਦੀ ਸਿਹਤ ਨਾਲ ਤਾਕਤ ਵਧਾਊ ਅਤੇ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਵੇਚ ਕੇ ਖਿਲਵਾੜ ਕੀਤਾ ਜਾ ਰਿਹਾ ਹੈ| ਇਹ ਝੋਲਾ ਛਾਪ ਡਾਕਟਰ ਕਈ ਗੁਪਤ ਰੋਗਾਂ ਦਾ ਇਲਾਜ ਕਰਨ ਦਾ ਵੀ ਦਾਅਵਾ ਕਰਦੇ ਹਨ ਅਤੇ ਇਸਦਾ ਇਲਾਜ ਕਰਨ ਦੀ ਗੁਪਤ ਰੋਗਾਂ ਦੇ ਮਰੀਜਾਂ ਤੋਂ ਕਾਫੀ ਫੀਸ ਲਈ ਜਾਂਦੀ ਹੈ ਅਤੇ ਮਹਿੰਗੇ ਭਾਅ ਦਵਾਈਆਂ ਵੇਚੀਆਂ ਜਾਂਦੀਆਂ ਹਨ|
ਇਸ ਸਬੰਧੀ ਜਦੋਂ ਕੁਝ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਹੜੇ ਵੈਦ ਅਸਲੀ ਵੈਦ ਹਨ ਉਹ ਤਾਂ ਆਮ ਲੋਕਾਂ ਦੀ ਸਿਹਤ ਨੂੰ ਠੀਕ ਕਰ ਦਿੰਦੇ ਹਨ ਪਰ ਜਿਹੜੇ ਨਕਲੀ ਜਾਂ ਝੋਲਾਛਾਪ ਵੈਦ ਜਾਂ ਡਾਕਟਰ ਹਨ ਇਹਨਾਂ ਕੋਲ ਜਿਹੜਾ ਬੰਦਾ ਇਕ ਵਾਰ ਫਸ ਜਾਂਦਾ ਹੈ, ਉਸਦਾ ਫਿਰ ਮਰ ਕੇ ਹੀ ਖਹਿੜਾ ਛੁੱਟਦਾ ਹੈ| ਉਹਨਾਂ ਕਿਹਾ ਕਿ ਅਸਲੀ ਵੈਦਾਂ ਨੂੰ ਤਾਂ ਲੋਕਾਂ ਦੀ ਸਿਹਤ ਸੰਭਾਲ ਦਾ ਕੰਮ ਕਰਨ ਦੇਣਾ ਚਾਹੀਦਾ ਹੈ ਪਰ ਨਕਲੀ ਅਤੇ ਝੋਲਾ ਛਾਪ ਵੈਦਾਂ ਤੇ ਡਾਕਟਰਾਂ ਨੂੰ ਜਰੂਰ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ|

Leave a Reply

Your email address will not be published. Required fields are marked *