ਤਾਮਿਲਨਾਡੂ ਵਿੱਚ ਦਿਨਕਰਨ ਨੇ ਬਣਾਈ ਨਵੀਂ ਪਾਰਟੀ

ਤਾਮਿਲਨਾਡੂ, 15 ਮਾਰਚ (ਸ.ਬ.) ਇੱਥੇ ਲਗਾਤਾਰ ਬਦਲ ਰਹੇ ਸਿਆਸੀ ਸਮੀਕਰਨ ਦਰਮਿਆਨ ਅੱਜ ਟੀ.ਟੀ.ਵੀ. ਦਿਨਕਰਨ ਨੇ ਵੀ ਆਪਣੀ ਪਾਰਟੀ ਲਾਂਚ ਕਰ ਦਿੱਤੀ| ਤਾਮਿਲਨਾਡੂ ਦੇ ਮੇਲੁਰ ਵਿੱਚ ਦਿਨਕਰਨ ਨੇ ਇਕ ਵੱਡੀ ਰੈਲੀ ਕਰਦੇ ਹੋਏ ਆਪਣੀ ਪਾਰਟੀ ਦਾ ਨਾਂ ‘ਅੰਮਾ ਮੱਕਲ ਮੁਨੇਤਰ ਕੜਗਮ’ (ਏ.ਐਮ.ਐਮ.ਕੇ.) ਰੱਖਿਆ ਹੈ| ਦਿਨਕਰਨ ਦੀ ਪਾਰਟੀ ਦੇ ਝੰਡੇ ਦੀ ਖਾਸ ਗੱਲ ਇਹ ਹੈ ਕਿ ਉਸ ਤੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਏ.ਆਈ.ਏ.ਡੀ.ਐਮ.ਕੇ. ਚੀਫ ਸਵ. ਜੈਲਲਿਤਾ ਦੀ ਬਲੈਕ ਐਂਡ ਵਾਈਟ ਤਸਵੀਰ ਹੈ| ਪਾਰਟੀ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਦਿਨਕਰਨ ਨੇ ਸਾਬਕਾ ਮੁੱਖ ਮੰਤਰੀ ਜੈਲਿਲਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਓ.ਪੀ.ਐਸ. ਅਤੇ ਈ.ਪੀ.ਐਸ. ਨੇ ਏ.ਆਈ.ਏ.ਡੀ.ਐਮ.ਕੇ. ਨੂੰ ਬਰਬਾਦ ਕਰ ਦਿੱਤਾ ਹੈ| ਪਾਰਟੀ ਦੇ ਨਾਂ ਦਾ ਐਲਾਨ ਤੋਂ ਬਾਅਦ ਦਿਨਕਰਨ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਨਵੇਂ ਨਾਂ ਅਤੇ ਝੰਡੇ ਨਾਲ ਆਉਣ ਵਾਲੀਆਂ ਸਾਰੀਆਂ ਚੋਣਾਂ ਜਿੱਤਾਂਗੇ| ਅਸੀਂ 2 ਪੱਤੀਆਂ ਵਾਲੇ ਚੋਣ ਨਿਸ਼ਾਨ ਨੂੰ ਲੈਣ ਦੀ ਵੀ ਕੋਸ਼ਿਸ਼ ਕਰਾਂਗੇ| ਜਦੋਂ ਤੱਕ ਉਹ ਸਾਨੂੰ ਨਹੀਂ ਮਿਲਦਾ, ਉਦੋਂ ਤੱਕ ਅਸੀਂ ਚੋਣ ਨਿਸ਼ਾਨ ਦੇ ਤੌਰ ਤੇ ‘ਕੂਕਰ’ ਦੀ ਵਰਤੋਂ ਕਰਾਂਗੇ|
ਦਿਨਕਰਨ ਅਨੁਸਾਰ,”ਏ.ਆਈ.ਏ.ਡੀ.ਐਮ.ਕੇ. ਤੇ ਕਬਜ਼ਾ ਕਰ ਕੇ ਬੈਠੇ ਲੋਕਾਂ ਤੋਂ ਛੁਡਾਉਣ ਲਈ ਉਨ੍ਹਾਂ ਨੇ ਨਵੀਂ ਪਾਰਟੀ ਬਣਾਈ ਹੈ| ਦਿਨਕਰਨ ਨੇ ਉਨ੍ਹਾਂ 18 ਵਿਧਾਇਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ| ਮੇਲੁਰ ਵਿੱਚ ਵੱਡੀ ਗਿਣਤੀ ਵਿੱਚ ਰੈਲੀ ਵਾਲੀ ਜਗ੍ਹਾ ਤੇ ਦਿਨਕਰਨ ਦੇ ਸਮਰਥਨ ਪੁੱਜੇ ਹਨ| ਹਾਲ ਹੀ ਵਿੱਚ ਹੋਈਆਂ ਉੱਪ ਚੋਣਾਂ ਵਿੱਚ ਦਿਨਕਰਨ ਆਰ.ਕੇ. ਨਗਰ ਵਿਧਾਨ ਸਭਾ ਸੀਟ ਤੋਂ ਚੋਣਾਂ ਜਿੱਤ ਕੇ ਵਿਧਾਇਕ ਬਣੇ ਹਨ| ਪਹਿਲਾਂ ਇਸ ਸੀਟ ਤੋਂ ਜੈਲਲਿਤਾ ਵਿਧਾਇਕ ਸੀ| ਦਿਨਕਰਨ ਦੇ ਵਿਧਾਇਕ ਬਣਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਉਹ ਆਪਣੇ ਵਿਰੋਧੀਆਂ ਓ.ਪੀ.ਐਸ. ਅਤੇ ਈ.ਪੀ.ਐਸ. ਦੀ ਜੋੜੀ ਵਾਲੀ ਸਰਕਾਰ ਨੂੰ ਸੁੱਟਣ ਦੀ ਪੂਰੀ ਕੋਸ਼ਿਸ਼ ਕਰਾਂਗੇ| ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਸੁੱਟਣਾ, ਉਸ ਲਈ ਇਕ ਆਸਾਨ ਕੰਮ ਹੈ ਪਰ ਉਹ ਅਜਿਹਾ ਕੁਝ ਨਹੀਂ ਕਰਨਗੇ| ਦਿਨਕਰਨ ਅਜੇ ਵੀ 22 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰਦੇ ਹਨ, ਇਨ੍ਹਾਂ ਵਿੱਚੋਂ 18 ਵਿਧਾਇਕਾਂ ਨੂੰ ਐਂਟੀ ਡਿਫੈਕਸ਼ਨ ਲਾਅ ਦੇ ਅਧੀਨ ਅਯੋਗ ਐਲਾਨ ਕੀਤਾ ਜਾ ਚੁਕਿਆ ਹੈ| ਇਸ ਤੋਂ ਪਹਿਲਾਂ ਸੁਪਰਸਟਾਰ ਰਜਨੀਕਾਂਤ ਅਤੇ ਕਮਲ ਹਾਸਨ ਵੀ ਆਪਣੀ ਪਾਰਟੀ ਦਾ ਐਲਾਨ ਕਰ ਚੁਕੇ ਹਨ| ਡੀ.ਐਮ.ਕੇ.ਏ.ਆਈ.ਡੀ. ਐਮ. ਕੇ., ਕਾਂਗਰਸ, ਭਾਜਪਾ ਸਮੇਤ ਕੁਝ ਰਵਾਇਤੀ ਪਾਰਟੀਆਂ ਪਹਿਲਾਂ ਤੋਂ ਹੀ ਤਾਮਿਲਨਾਡੂ ਵਿੱਚ ਸਰਗਰਮ ਹਨ| ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਦਲਾਂ ਨਾਲ ਹੁਣ ਦਿਨਕਰਨ ਵੀ ਆਪਣੀ ਨਵੀਂ ਪਾਰਟੀ ਲੈ ਕੇ ਚੋਣਾਂ ਲੜਨਗੇ|

Leave a Reply

Your email address will not be published. Required fields are marked *