ਤਾਰਾ ਸਿੰਘ ਸੰਧੂ ਦਾ ਵਿਛੋੜਾ

ਚੰਡੀਗੜ੍ਹ, 20 ਜਨਵਰੀ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ, ਪ੍ਰਸਿਧ ਨਾਟਕਕਾਰ, ਸਫ਼ਰਨਾਮਾ ਲੇਖਕ ਅਤੇ ਖੋਜੀ ਤਾਰਾ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ ਹਨ। ਅੱਜ ਸਵੇਰੇ 10 ਵਜੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਉਨ੍ਹਾਂ ਆਖਰੀ ਸਾਹ ਲਿਆ।

ਤਾਰਾ ਸਿੰਘ ਸੰਧੂ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸੀ ਅਤੇ ਸਾਹਿਤ ਸਿਰਜਣਾ ਦੇ ਨਾਲ ਨਾਲ ਉਹਨਾਂ ਨੇ ਰਾਜਨੀਤੀ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ।

ਲੇਖਕ ਵੱਜੋਂ ਉਹਨਾਂ ਦੀ ਪਛਾਣ ਉਹਨਾਂ ਦੇ ਨਾਟਕ ‘ਚੌਰਸ ਕਿੱਲ’, ‘ਬਾਬਰ’, ‘ਬਾਰ ਪਰਾਇ ਬੈਸਣਾ’, ‘ਗੂੰਗੇ ਬੋਲ’, ‘ਦੁੱਖ ਦਰਿਆਵਾਂ ਦੇ’ ਅਤੇ ‘ਰਤਨਾ ਕੁਮਾਰੀ’ ਆਦਿ ਨਾਟਕਾਂ ਨਾਲ ਬਣੀ। ਉਹਨਾਂ ਨੇ ਹੀਰ ਵਾਰਸ ਦਾ ਲੋਕ-ਧਾਰਾ ਦੀ ਦ੍ਰਿਸ਼ਟੀ ਤੋਂ ਅਧਿਅਨ ਕਰਕੇ ਪੀ. ਐਚ. ਡੀ. ਦੀ ਉਪਾਧੀ ਹਾਸਲ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਵੱਜੋਂ ਉਸ ਨੇ ਅਤਿਵਾਦ ਦੇ ਦਿਨਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਈ।

ਉਹ ਸਰਬ ਭਾਰਤ ਨੌਜਵਾਨ ਫੈਡਰੇਸ਼ਨ ਅਤੇ ਸਰਬ ਭਾਰਤ ਵਿਦਿਆਰਥੀ ਸਭਾ ਦੇ ਕੌਮੀ ਪੱਧਰ ਉਤੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਉਤੇ ਕਾਰਜਸ਼ੀਲ ਰਹੇ। ਉਹਨਾਂ ਨੇ ਪੰਜਾਬ ਦੀ ਖੱਬੇ-ਪੱਖੀ ਰਾਜਨੀਤੀ ਵਿਚ ਸਰਗਰਮ ਭਾਗੀਦਾਰੀ ਕੀਤੀ। ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਤਾਰਾ ਸਿੰਘ ਸੰਧੂ ਦੇ ਸੁਰਗਵਾਸ ਹੋ ਜਾਣ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *