ਤਿਉਹਾਰਾਂ ਦੇ ਮੌਸਮ ਵਿੱਚ ਨਕਲੀ ਸਮਾਨ ਵੇਚਣ ਵਾਲਿਆਂ ਖਿਲਾਫ ਹੋਵੇ ਕਾਰਵਾਈ

ਰੱਖੜੀ ਦਾ ਤਿਉਹਾਰ ਆ ਗਿਆ ਹੈ ਅਤੇ ਇਸਦੇ ਨਾਲ ਹੀ ਤਿTਹਾਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਜਿਹੜਾ ਨਵੇਂ ਸਾਲ ਤੱਕ ਜਾਰੀ ਰਹਿਣਾ ਹੈ| ਤਿਉਹਾਰਾਂ ਦੇ ਇਸ ਸੀਜਨ ਦੌਰਾਨ ਜਿੱਥੇ ਵੱਖ ਵੱਖ ਕੰਪਨੀਆਂ ਅਤੇ ਦੁਕਾਨਦਾਰਾਂ ਵਲੋਂ ਆਪਣੀ ਵਿਕਰੀ ਵਧਾਉਣ ਲਈ ਨਵੀਆਂ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਜਾਂਦਾ ਹੈ ਉੱਥੇ ਇਸ ਦੌਰਾਨ ਬਜਾਰਾਂ ਵਿੱਚ ਖਾਣ ਪੀਣ ਦੇ ਨਕਲੀ ਸਾਮਾਨ (ਖਾਸਕਰ ਦੁੱਧ ਅਤੇ ਦੁੱਧ ਨਾਲ ਬਣਨ ਵਾਲੀਆਂ ਵਸਤੂਆਂ) ਦੀ ਵਿਕਰੀ ਵੀ ਬਹੁਤ ਜਿਆਦਾ ਵੱਧ ਜਾਂਦੀ ਹੈ|
ਪਿਛਲੇ ਦਿਨੀਂ ਸਿਹਤ ਵਿਭਾਗ ਅਤੇ ਪੁਲੀਸ ਵਲੋਂ ਨਜਦੀਕੀ ਪਿੰਡ ਬੱਲੋਮਾਜਰਾ ਵਿਖੇ ਨਕਲੀ ਪਨੀਰ, ਖੋਆ ਮੱਖਣ ਅਤੇ ਹੋਰ ਸਾਮਾਨ ਬਣਾਉਣ ਵਾਲੀ ਅਜਿਹੀ ਹੀ ਇੱਕ ਫੈਕਟ੍ਰੀ ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਪਨੀਰ ਅਤੇ ਹੋਰ ਸਾਮਾਨ ਕਾਬੂ ਕੀਤਾ ਜਾ ਚੁੱਕਿਆ ਹੈ| ਇਸ ਫੈਕਟ੍ਰੀ ਵਿੱਚ ਤਿਆਰ ਹੋਣ ਵਾਲਾ ਇਹ ਸਾਰਾ ਸਾਮਾਨ ਮੁੱਖ ਤੌਰ ਤੇ ਮੁਹਾਲੀ ਸ਼ਹਿਰ ਸਮੇਤ ਜਿਲ੍ਹੇ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਵਿੱਚ ਕੰਮ ਕਰਦੇ ਹਲਵਾਈਆਂ ਅਤੇ ਹੋਰਨਾਂ ਦਕਾਨਦਾਰਾਂ ਨੂੰ ਹੀ ਸਪਲਾਈ ਕੀਤਾ ਜਾਂਦਾ ਸੀ ਜਿਹੜਾ ਅੱਗੋਂ ਆਮ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਸੀ| ਇਸ ਨਾਲ ਸਾਬਿਤ ਹੁੰਦਾ ਹੈ ਕਿ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਿਹੜੀਆਂ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤੂਆਂ ਵਿਕਦੀਆਂ ਹਨ ਉਸਦਾ ਇੱਕ ਵੱਡਾ ਹਿੱਸਾ ਨਕਲੀ ਹੁੰਦਾ ਹੈ ਜਿਹੜਾ ਅਜਿਹੇ ਹੀ ਵਿਅਕਤੀਆਂ ਵਲੋਂ ਤਿਆਰ ਕਰਕੇ ਬਾਜਾਰ ਵਿੱਚ ਵੇਚ ਦਿੱਤਾ ਜਾਂਦਾ ਹੈ|
ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨਕਲੀ ਦੁੱਧ, ਪਨੀਰ, ਖੋਏ ਆਦਿ ਤੋਂ ਮਿਠਾਈਆਂ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ ਅਤੇ ਇਹ ਧੰਦਾ ਬਹੁਤ ਵੱਡੇ ਪੱਧਰ ਉਪਰ ਚੱਲਦਾ ਹੈ| ਸਰਕਾਰ ਵਲੋਂ ਇਸਤੇ ਕਾਬੂ ਕਰਨ ਲਈ ਭਾਵੇਂ ਵੱਖ -ਵੱਖ ਥਾਂਵਾਂ ਤੋਂ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤੂਆਂ, ਮਿਠਾਈਆਂ ਅਤੇ ਖਾਣ ਪੀਣ ਦੇ ਹੋਰ ਸਾਮਾਨ ਦੇ ਸੈਂਪਲ ਵੀ ਭਰੇ ਜਾਂਦੇ ਹਨ ਪਰ ਜਦੋਂ ਤਕ ਇਹਨਾਂ ਸਂੈਪਲਾਂ ਦੀ ਰਿਪੋਰਟ ਆਉਂਦੀ ਹੈ, ਉਦੋਂ ਤੱਕ ਤਿਉਹਾਰਾਂ ਦਾ ਸੀਜਨ ਲੰਘ ਗਿਆ ਹੁੰਦਾ ਹੈ ਅਤੇ ਹਲਵਾਈ ਅਤੇ ਹੋਰ ਦੁਕਾਨਦਾਰ ਲੋਕਾਂ ਨੂੰ ਆਪਣਾ ਅਸਲੀ ਨਕਲੀ ਮਾਲ ਵੇਚ ਕੇ ਮੋਟੀ ਕਮਾਈ ਕਰ ਚੁੱਕੇ ਹੁੰਦੇ ਹਨ|
ਸਾਡੇ ਸੂਬੇ ਵਿੱਚ ਤਾਂ ਹਾਲਤ ਇਹ ਹੈ ਕਿ ਰਾਜ ਵਿੱਚ ਉਨੇ ਪਸ਼ੂ ਹੀ ਨਹੀਂ ਹਨ ਜਿੰਨਾ ਇੱਥੇ ਦੁੱਧ ਵਿਕ ਰਿਹਾ ਹੈ| ਇਸ ਤੋਂ ਸਾਫ ਪਤਾ ਚਲਦਾ ਹੈ ਕਿ ਸੂਬੇ ਵਿੱਚ ਨਕਲੀ ਦੁੱਧ ਦਾ ਕਾਰੋਬਾਰ ਵੱਡੇ ਪੱਧਰ ਉਪਰ ਹੋ ਰਿਹਾ ਹੈ| ਇਸ ਤੋਂ ਇਲਾਵਾ ਨਕਲੀ ਪਨੀਰ, ਖੋਆ, ਪਤੀਸਾ ਅਤੇ ਹੋਰ ਨਕਲੀ ਮਿਠਾਈਆਂ ਵੀ ਵਿਕਦੀਆਂ ਹਨ| ਨਕਲੀ ਦੁੱਧ ਅਤੇ ਪਨੀਰ ਤੋਂ ਬਣੀਆਂ ਇਹ ਮਿਠਾਈਆਂ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਦਿੰਦੀਆਂ ਹਨ| ਮੋਟੇ ਮੁਨਾਫੇ ਦੇ ਲਾਲਚ ਵਿੱਚ ਹਲਵਾਈ ਅਤੇ ਖਾਧ ਪਦਾਰਥ ਬਣਾਉਣ ਵਾਲੇ ਹੋਰ ਵਪਾਰੀ ਤੇ ਕੰਪਨੀਆਂ ਅਕਸਰ ਹੀ ਨਕਲੀ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਰਹਿੰਦੇ ਹਨ ਅਤੇ ਆਮ ਲੋਕ ਪੈਸੇ ਦੇ ਕੇ ਮਿਠਾਈ ਦੇ ਨਾਮ ਉਪਰ ਬਿਮਾਰੀ ਖਰੀਦਦੇ ਰਹਿੰਦੇ ਹਨ|
ਪੰਜਾਬ ਦੇ ਮੁੱਖ ਮੰਤਰੀ ਵਲੋਂ ਪਿਛਲੇ ਦਿਨੀਂ ਨਕਲੀ ਪਨੀਰ, ਨਕਲੀ ਦੁੱਧ ਅਤੇ ਨਕਲੀ ਮਿਠਾਈਆਂ ਅਤੇ ਹੋਰ ਖਾਣ ਪੀਣ ਦੇ ਨਕਲੀ ਸਮਾਨ ਦੀ ਵਿਕਰੀ ਰੋਕਣ ਲਈ ਸੂਬੇ ਵਿੱਚ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ| ਉਹਨਾਂ ਵਲੋਂ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਨਕਲੀ ਮਿਠਾਈਆਂ, ਨਕਲੀ ਦੁੱਧ ਅਤੇ ਨਕਲੀ ਪਨੀਰ ਦੀ ਵਿਕਰੀ ਰੋਕਣ ਲਈ ਸਪੈਸ਼ਲ ਟਾਸਕ ਫੋਰਸ ਪੂਰੀ ਸਮਰਥਾ ਨਾਲ ਕੰਮ ਕਰੇਗੀ ਅਤੇ ਮਿਲਾਵਟੀ ਅਤੇ ਨਕਲੀ ਸਮਾਨ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ| ਮੁੱਖ ਮੰਤਰੀ ਵਲੋਂ ਨਕਲੀ ਤੇ ਮਿਲਾਵਟੀ ਖਾਧ ਪਦਾਰਥਾਂ ਦੀ ਵਿਕਰੀ ਰੋਕਣ ਲਈ ਗਠਿਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਦੀ ਮੁਸਤੈਦੀ ਨਾਲ ਵੀ ਚੰਗੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ|
ਜਿਸ ਤਰੀਕੇ ਨਾਲ ਹਲਵਾਈਆਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਵਲੋਂ ਸ਼ਰੇਆਮ ਨਕਲੀ ਖਾਧ ਪਦਾਰਥਾਂ ਦੀ ਵਿਕਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸ ਨਾਲ ਤਾਂ ਅਜਿਹਾ ਲਗਦਾ ਹੈ ਕਿ ਜਾਂ ਤਾਂ ਇਹਨਾਂ ਲੋਕਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ ਜਾਂ ਫਿਰ ਇਹ ਸਾਰਾ ਕਾਰੋਬਾਰ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਚਲਦਾ ਹੈ|
ਇਸ ਸਾਰੇ ਕੁੱਝ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ| ਨਕਲੀ ਸਮਾਨ ਦੀ ਇਸ ਵਿਕਰੀ ਰੋਕਣ ਲਈ ਬਣਾਈ ਜਾਣ ਵਾਲੀ ਟਾਸਕ ਫੋਰਸ ਨੂੰ ਤੁਰੰਤ ਕਾਰਜਸ਼ੀਲ ਕਰਕੇ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਆਪਣੀਆਂ ਜੇਬਾਂ ਭਰਦੇ ਹਨ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ|

Leave a Reply

Your email address will not be published. Required fields are marked *