ਤਿਉਹਾਰਾਂ ਦੇ ਸੀਜ਼ਨ ਦੌਰਾਨ ਡੀ ਸੀ ਵਲੋਂ ਕੋਵਿਡ-19 ਦੀ ਵਿਆਪਕ ਟੈਸਟਿੰਗ ਦੇ ਹੁਕਮ ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੋਸ਼ਨੀ ਵਾਲੇ ਯੰਤਰ /ਬਿਜਲੀ ਉਪਕਰਣਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ


ਐਸ.ਏ.ਐਸ.ਨਗਰ, 29 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜ਼ਨ ਵਿੱਚ ਜਨਤਕ ਮੀਟਿੰਗਾਂ, ਆਪਸੀ ਮੇਲ-ਜੋਲ ਅਤੇ ਸਮਾਜਿਕ ਇੱਕਠਾਂ ਕਾਰਨ ਨੋਵਲ ਕੋਰੋਨਾਵਾਇਰਸ ਦੇ ਸੰਚਾਰ ਵਿੱਚ ਵਾਧੇ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਕੋਈ ਜੋਖ਼ਮ ਨਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ ਨੂੰ ਆਉਣ ਵਾਲੇ ਪੰਦਰਵਾੜੇ ਵਿੱਚ ਵਿਆਪਕ ਨਮੂਨੇ ਲੈਣ ਦੇ         ਨਿਰਦੇਸ਼ ਦਿੱਤੇ ਹਨ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਬਹੁਤ ਸਾਰੇ ਲੋਕਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ, ਪਰ ਅਸੀਂ ਕੋਈ ਜੋਖ਼ਮ ਨਹੀਂ ਲੈ ਸਕਦੇ| ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸੁਰੱਖਿਆ ਪ੍ਰੋਟੋਕੋਲਾਂ ਦੀ ਮੁਕੰਮਲ ਪਾਲਣਾ ਕਰਨ| ਇਸ ਦੇ ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅਤੇ ਨੇੜਲੇ ਖੇਤਰਾਂ ਵਿੱਚ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ|
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਮਿਠਾਈਆਂ, ਖਾਣ ਵਾਲੀਆਂ ਚੀਜ਼ਾਂ, ਰੋਸ਼ਨੀ ਵਾਲੇ ਯੰਤਰ/ਬਿਜਲੀ ਉਪਕਰਣਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਤੇ ਵਿਸ਼ੇਸ਼ ਧਿਆਨ ਦੇਣ ਅਤੇ ਬਾਜ਼ਾਰਾਂ ਵਿੱਚ ਵਿਸ਼ੇਸ਼ ਟੈਸਟਿੰਗ ਕੈਂਪ ਲਗਾਉਣ ਕਿਉਂਜੋ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੁਕਾਨਾਂ ਵਿੱਚ ਵਧੇਰੇ ਭੀੜ ਹੋਣ ਦੀ ਸੰਭਾਵਨਾ ਹੈ|
ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਅਕਸਰ ਆਮ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਕਿਉਂਕਿ ਲੋਕ ਆਪਣਾ ਕੰਮ ਕਰਵਾਉਣ ਲਈ ਇਨ੍ਹਾਂ ਦਫ਼ਤਰਾਂ ਵਿੱਚ ਆਉਂਦੇ ਰਹਿੰਦੇ ਹਨ| ਇਸ ਲਈ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੀ ਗਈ ਹੈ ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦੇ ਕੰਟਰੋਲਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਨਵੰਬਰ ਤੱਕ ਉਨ੍ਹਾਂ ਦੇ ਸਟਾਫ਼ ਵੱਲੋਂ ਟੈਸਟ ਕਰਵਾਉਣ ਦੀ ਤਸਦੀਕ ਕਰਕੇ ਰਿਪੋਰਟ ਪੇਸ਼ ਕਰਨ| ਇਸੇ ਤਰ੍ਹਾਂ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਆਪਣੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਜਲਦ ਤੋਂ ਜਲਦ ਜਾਂਚ ਕਰਵਾਉਣ ਲਈ ਸਲਾਹ ਦਿੱਤੀ ਗਈ ਹੈ|

Leave a Reply

Your email address will not be published. Required fields are marked *