ਤਿਉਹਾਰਾਂ ਦੌਰਾਨ ਬਾਜਾਰਾਂ ਵਿੱਚ ਵੱਧਦੀ ਭੀੜ ਦੌਰਾਨ ਵਾਹਨਾਂ ਦੀ ਪਾਰਕਿੰਗ ਵਾਸਤੇ ਸਰਕਾਰੀ ਇਮਾਰਤਾਂ ਵਿੱਚ ਥਾਂ ਮੁਹਈਆ ਕਰਵਾਏ ਪ੍ਰਸ਼ਾਸ਼ਨ : ਵਿਨੀਤ ਵਰਮਾ


ਐਸ.ਏ.ਐਸ.ਨਗਰ, 7 ਨਵੰਬਰ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਮੰਗ ਕੀਤੀ ਹੈ ਕਿ ਤਿਉਹਾਰੀ ਸੀਜਨ ਦੌਰਾਨ ਮਾਰਕੀਟਾਂ ਵਿੱਚ ਵੱਧਦੀ ਭੀੜ ਨੂੰ ਮੁੱਖ ਰੱਖਦਿਆਂ ਪ੍ਰਸ਼ਾਸ਼ਨ ਵਲੋਂ ਮਾਰਕੀਟਾਂ ਦੇ ਨੇੜੇ ਪੈਂਦੀਆਂ ਸਰਕਾਰੀ ਇਮਾਰਤਾਂ ਵਿੱਚ ਵਾਹਨਾਂ ਦੀ ਪਾਰਕਿੰਗ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਲਈ ਆਊਣ ਵਾਲੇ ਲੋਕਾਂ ਨੂੰ ਘੁੰਮਣ ਫਿਰਨ ਲਈ ਲੋੜੀਂਦੀ ਥਾਂ ਮਿਲ ਸਕੇ| ਇਸ ਸੰਬੰਧੀ ਉਹਨਾਂ ਵਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਨੂੰ ਪੱਤਰ ਵੀ ਲਿਖਿਆ ਗਿਆ ਹੈ ਅਤੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਮਾਰਕੀਟਾਂ ਦੇ ਨੇੜੇ ਪੈਂਦੀਆਂ ਅਜਿਹੀਆਂ ਸਰਕਾਰੀ ਇਮਾਰਤਾਂ ਦੀ ਸੂਚੀ ਵੀ ਦਿੱਤੀ ਗਈ ਹੈ ਜਿਹਨਾਂ ਨੂੰ ਤਿਉਹਾਰੀ ਸੀਜਨ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਵਰਤਿਆ ਜਾ ਸਕਦਾ ਹੈ|
ਆਪਣੇ ਪੱਤਰ ਵਿੱਚ ਸ੍ਰੀ ਵਰਮਾ ਨੇ ਕਿਹਾ ਹੈ ਕਿ ਇਸ ਤਿਓਹਾਰੀ ਸੀਜਨ ਵਿੱਚ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਪਾਰਕਿੰਗ ਦੀ ਸੱਮਸਿਆ ਪੈਦਾ ਹੋ ਰਹੀ ਹੈ ਅਤੇ ਇਸ ਕਾਰਨ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਮੁੱਖ ਸੜਕਾਂ ਤੇ ਜਾਮ ਦੀ ਹਾਲਤ ਬਣ ਜਾਂਦੀ ਹੈ| ਉਹਨਾ ਲਿਖਿਆ ਹੈ ਕਿ ਅਜਿਹਾ ਹੋਣ ਕਾਰਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਸ਼ਾਮ ਵੇਲੇ ਜਦੋਂ ਮਾਰਕੀਟਾਂ ਵਿੱਚ ਭੀੜ ਵੱਧਦੀ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ ਕਿਉਂਕਿ ਇਸ ਦੌਰਾਨ ਮਾਰਕੀਟ ਵਿੱਚ ਕਈ ਤਰ੍ਹਾਂ ਦਾ ਸਾਮਾਨ ਵੇਚਣ ਵਾਲੇ ਫੜੀਆਂ ਵਾਲੇ ਵੀ ਆਪਣਾਂ ਤਾਮ ਝਾਮ ਖਿਲਾਰ ਕੇ ਬੈਠ ਜਾਂਦੇ ਹਨ ਅਤੇ ਪਾਰਕਿੰਗ ਵਿੱਚ ਗੱਡੀਆਂ ਦੀ ਆਵਾਜਾਈ ਲਈ ਥਾਂ ਹੋਰ ਵੀ ਘੱਟ ਜਾਂਦੀ ਹੈ| 
ਇਸ ਦੌਰਾਨ ਪਾਰਿਕੰਗ ਵਿੱਚ ਥਾਂ ਨਾ ਮਿਲਣ ਕਾਰਨ ਲੋਕ ਮੁੱਖ ਸੜਕ ਤੇ ਹੀ ਆਪਣਾਂ ਵਾਹਨ ਖੜ੍ਹਾ ਕਰਕੇ ਖਰੀਦਦਾਰੀ ਕਰਨ ਚਲੇ ਜਾਂਦੇ ਹਨ ਅਤੇ ਸੜਕਾਂ ਤੇ ਵੀ ਜਾਮ ਦੀ ਹਾਲਤ ਬਣ ਜਾਂਦੀ ਹੈ| 
ਉਹਨਾਂ ਲਿਖਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਫੇਜ਼ 1, ਫੇਜ਼ 5,                    ਫੇਜ਼3ਬੀ2, ਫੇਜ਼7, ਫੇਜ਼ 10 ਅਤੇ             ਫੇਜ਼ 11 ਦੀਆਂ ਮਾਰਕੀਟਾਂ ਵਿੱਚ ਸਭ ਤੋਂ ਜਿਆਦਾ ਭੀੜ ਦੇਖਣ ਨੂੰ ਮਿਲਦੀ ਹੈ ਜਿੱਥੇ ਰੋਜਾਨਾ (ਹਰ ਮਾਰਕੀਟ ਵਿੱਚ) ਲੱਗਭੱਗ 2000 ਲੋਕ ਆਉਂਦੇ ਹਨ ਅਤੇ ਇਸ ਦੌਰਾਨ ਇਨ੍ਹਾਂ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਵਿੱਚ ਭਾਰੀ                     ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| 
ਉਹਨਾਂ ਮੰਗ ਕੀਤੀ ਹੈ ਕਿ ਇਸ ਤਿਓਹਾਰੀ ਸੀਜਨ ਦੌਰਾਨ ਮਾਰਕੀਟਾਂ ਵਿੱਚ ਭੀੜ ਨੂੰ ਦੇਖਦੇ ਹੋਏ ਇਨ੍ਹਾਂ ਦੇ ਨਾਲ ਬਣੀਆਂ ਜਨਤਕ ਇਮਾਰਤਾਂ (ਜਿਨ੍ਹਾਂ ਵਿੱਚ ਕਮਿਊਨਿਟੀ ਸੈਂਟਰ, ਡਿਸਪੈਂਸਰੀਆਂ, ਸਰਕਾਰੀ/ਪ੍ਰਾਈਵੇਟ ਸਕੂਲ ਸ਼ਾਮਿਲ ਹਨ) ਨੂੰ ਪਾਰਕਿੰਗ ਵਜੋਂ ਵਰਤਣ ਦੀ ਮੰਜੂਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸੱਮਸਿਆ ਦਾ ਹੱਲ ਮਿਲ ਸਕੇ| ਉਹਨਾਂ ਕਿਹਾ ਕਿ ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ ਵਲੋਂ ਪਿੱਛਲੇ ਕਈ ਸਾਲਾਂ ਤੋਂ ਅਜਿਹਾ ਹੀ ਕੀਤਾ ਜਾਂਦਾ ਹੈ ਤਾਂ ਜੋ ਪਾਰਕਿੰਗ ਦੀ ਸੱਮਸਿਆ ਦਾ ਹੱਲ ਕੀਤਾ ਜਾ ਸਕੇ| ਉਹਨਾਂ ਮੰਗ ਕੀਤੀ ਹੈ ਕਿ ਮਾਰਕੀਟਾਂ ਦੇ ਦੁਕਾਨਦਾਰਾਂ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *