‘ਤਿੰਨ ਕਿਤਾਬਾਂ, ਤਿੰਨ ਸ਼ਾਇਰ ਸਮਾਗਮ’ ਕਰਵਾਇਆ

ਚੰਡੀਗੜ੍ਹ, 29 ਜੂਨ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ‘ਤਿੰਨ ਕਿਤਾਬਾਂ, ਤਿੰਨ ਸ਼ਾਇਰ’ ਸਮਾਗਮ ਡਾ. ਸੁਰਜੀਤ ਪਾਤਰ, ਡਾ. ਮਨਮੋਹਨ, ਲਖਵਿੰਦਰ ਜੌਹਲ ਅਤੇ ਡਾ. ਸਰਬਜੀਤ ਸਿੰਘ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਵਿੱਚ ਹੋਇਆ|
ਕੇਂਦਰੀ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਤਹਿ ਕੀਤੀਆਂ ਤਿੰਨ ਪੁਸਤਕਾਂ ‘ਸਫ਼ਰ ਦੀ ਖ਼ੁਸ਼ਬੋ’ ਬਰਜਿੰਦਰ ਚੌਰਾਨ, ‘ਇਉਂ ਹੀ ਦੇਖਣਾ ਹੈ’ ਜਗਦੀਪ ਸਿੱਧੂ ਅਤੇ ‘ਅੱਕਾਂ ਦੀ ਕਵਿਤਾ’ ਦਰਸ਼ਨ ਬੁੱਟਰ ਬਾਰੇ ਸੰਵਾਦ ਰਚਾਉਣ ਅਤੇ ਕਵੀਆਂ ਦਾ ਕਲਾਮ ਸੁਣਨ ਦੇ ਸਰਬਸੰਮਤੀ ਦੇ ਫ਼ੈਸਲੇ ਨੂੰ ਦਰਸ਼ਕਾਂ ਨਾਲ ਸਾਂਝਾ ਕਰਦੇ ਹੋਏ ਸਮਾਗਮ ਦੀ ਰੂਪ-ਰੇਖਾ ਪੇਸ਼ ਕੀਤੀ| ਸਭ ਤੋਂ ਪਹਿਲਾਂ ਉਨ੍ਹਾਂ ਨੌਜਵਾਨ ਸ਼ਾਇਰ ਜਗਦੀਪ ਸਿੱਧੂ ਦੀ ਸਾਹਿਤਕ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਅਤੇ ਸਿਰਜਣ ਪਰਿਕਿਰਿਆ ਬਾਰੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿਤਾ|
ਜਗਦੀਪ ਸਿੱਧੂ ਨੇ ਕਾਵਿ ਸੰਗ੍ਰਹਿ ‘ਇਉਂ ਵੀ ਦੇਖਣਾ ਹੈ’ ਵਿਚੋਂ ਮੇਰਾ ਬੱਚਾ, ਲਾਲ ਬੱਤੀ ਅਤੇ ਨਵਾਂ ਸਾਲ ਕਵਿਤਾਵਾਂ ਪੇਸ਼ ਕੀਤੀਆਂ|
ਗ਼ਜ਼ਲ ਸੰਗ੍ਰਹਿ ‘ਸਫ਼ਰ ਦੀ ਖ਼ੁਸ਼ਬੋ’ ਦੇ ਲੇਖਕ ਬਰਜਿੰਦਰ ਚੌਹਾਨ (ਦਿੱਲੀ) ਨੇ ਗ਼ਜ਼ਲਾਂ ਪੇਸ਼ ਕੀਤੀਆਂ|
ਬਰਜਿੰਦਰ ਚੌਹਾਨ ਦੀ ਸ਼ਾਇਰੀ ਬਾਰੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਗ਼ਜ਼ਲ ਸ਼ਿਲਪੀ ਬੰਧੇਜ ਦੀ ਮੰਗ ਕਰਦੀ ਹੈ| ਚੌਹਾਨ ਦੀ ਗ਼ਜ਼ਲ ਵਿੱਚ ਅਜੋਕਾ ਮਨੁੱਖ ਕੇਂਦਰ ਬਿੰਦੂ ਵਿੱਚ ਹੈ| ਅੱਜ ਗ਼ਜ਼ਲ ਕਿਵੇਂ ਵਿਅਕਤੀਤਵ ਬਣਦਾ, ਕਿਵੇਂ ਵਿਹਾਰ ਬਣਦਾ, ਇਨ੍ਹਾਂ ਨੂੰ ਪੇਸ਼ ਕਰਨ ਦੇ ਸਮਰੱਥ ਹੋ ਗਈ ਹੈ| ਗ਼ਜ਼ਲਗੋ ਆਪਣੀਆਂ ਰਚਨਾਵਾਂ ਵਿੱਚ ਅਜੋਕੀਆਂ ਸਥਿਤੀਆਂ ਦੇ ਭਾਵਪੂਰਤ ਦ੍ਰਿਸ਼ ਸਿਰਜਦਾ ਹੈ| ਉਹ ਅਜੋਕੇ ਯੁੱਗ ਦੇ ਸਿਸਟਮ ਦੇ ਦਬਾਵਾਂ ਦਾ ਧੁਨੀ ਦੇ ਰੂਪ ਵਿੱਚ ਪ੍ਰਗਟਾਵਾ ਕਰਦਾ ਹੈ| ਉਸ ਦੀ ਰਚਨਾ ਵਿੱਚੋਂ ਮੈਂ ਖਾਰਜ ਨਹੀਂ ਹੁੰਦਾ| ਉਹ ਕਿਤੇ ਨਾ ਕਿਤੇ ਮੈਂ ਦੀ ਲਿਸ਼ਕੋਰ ਦਿਖਾ ਦੇਂਦਾ ਹੈ|
‘ਅੱਕ ਦੀ ਕਵਿਤਾ’ ਦੇ ਲੇਖਕ ਦਰਸ਼ਨ ਬੁੱਟਰ ਨੇ ਕਿਹਾ ਕਿ ਮੈਂ ਇਕ ਕਿਤਾਬ ਪਿਤਾ ਦੀ ਜੱਟ ਵਿਦਿਆ ਨੂੰ ਸਮਰਪਿਤ ਕੀਤੀ ਹੈ| ਮੈਂ ਚਾਹੁੰਦਾ ਹਾਂ ਕਿ ਮੈਂ ਕਿਰਤੀਆਂ ਕਿਸਾਨਾਂ ਦੇ ਦਰਦਾਂ ਨੂੰ ਪੇਸ਼ ਕਰਾਂ| ਖੇਤੀਬਾੜੀ ਤੇ ਪੇਂਡੂ ਜਨਜੀਵਨ ਦੇ ਅਨੁਭਵ ਨਾਲ ਮੇਰੇ ਮੱਥੇ ਉਤੇ ਸ਼ਹਿਰੀਆ ਅਨੁਭਵ ਨੂੰ ਪੇਸ਼ ਕਰਨ ਵਾਲੀ ਪਛਾਣ ਵੀ ਬਣ ਗਈ, ਪਰ ਮੈਂ ਪਿੰਡਾਂ ਦੇ ਨਿਮਨ ਵਰਗ ਅਤੇ ਅਣਗੋਲੋ ਨਾਇਕਾਂ ਦੀ ਗਲ ਕਰਦਾ ਹਾਂ, ਜੋ ਤੁਹਾਡੇ ਸਾਰਿਆਂ ਦੇ ਪਿੰਡਾਂ ਵਿਚ ਮਿਲ ਸਕਦੇ ਹਨ| ਉਨ੍ਹਾਂ ਸੀਧੇ ਦੀ ਪਰਚੀ, ਭਾਨਾ ਭਾਨੀ ਮਾਰ ਅਤੇ ਦੋ ਹੋਰ ਕਵਿਤਾਵਾਂ ਆਕਰਸ਼ਕ ਅੰਦਾਜ ਵਿੱਚ ਪੇਸ਼ ਕਰਕੇ ਖੂਬ ਵਾਹ-ਵਾਹ ਬਟੋਰੀ|
ਬਲਵਿੰਦਰ ਗਰੇਵਾਲ ਨੇ ਦਰਸ਼ਨ ਬੁੱਟਰ ਦੀ ਕਾਵਿ ਰਚਨਾ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਕਵੀ ਨੇ ਸਮੁੱਚੇ ਪਿੰਡ ਅਤੇ ਵਿਅਕਤੀਗਤ ਕਾਵਿ ਚਿਤਰਣ ਬਾਖੂਬੀ ਕੀਤੇ ਹਨ| ਕਈ ਕਵਿਤਾਵਾਂ ਵਿਚ ਕਹਾਣੀਆਂ ਬੁਣੀਆਂ ਲਗਦੀਆਂ ਹਨ| ਤਿੰਨੇ ਕਿਤਾਬਾਂ ਉਤੇ ਸੰਵਾਦ ਦੌਰਾਨ ਡਾ. ਪ੍ਰਵੀਨ ਕੁਮਾਰ, ਡਾ. ਸ਼ਮਸ਼ੇਰ ਮੋਹੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੁਰਿੰਦਰ ਗਿਲ, ਹਰਪ੍ਰੀਤ ਸਿੰਘ, ਗੁਰਨਾਮ ਕੰਵਰ, ਪਵਨ ਹਰਚੰਦਪੁਰੀ ਅਤੇ ਸਰਦਾਰਾ ਸਿੰਘ ਚੀਮਾ ਨੇ ਵੀ ਵਿਚਾਰ ਪ੍ਰਗਟ ਕੀਤੇ|
ਡਾ. ਮਨਮੋਹਨ ਨੇ ਬਰਜਿੰਦਰ ਚੌਹਾਨ ਅਤੇ ਦਰਸ਼ਨ ਬੁੱਟਰ ਦੀ ਸ਼ਾਇਰੀ ਦੀ ਸੂਖਮਤਾ ਅਤੇ ਗਹਿਰੇ ਭਾਵਾਂ ਨਾਲ ਲਬਰੇਜ਼ ਸ਼ਾਇਰੀ ਕਹਿ ਕੇ ਸਰਾਹਿਆ| ਉਨ੍ਹਾਂ ਕਿਹਾ ਕਿ ਨੌਜਵਾਨ ਸ਼ਾਇਰ ਜਗਦੀਪ ਸਿੱਧੂ ਸਮੇਤ ਤਿੰਨ ਕਵੀਆਂ ਤੇ ਤਿੰਨ ਕਿਤਾਬਾਂ ਦੀ ਚੋਣ ਢੁਕਵੀਂ ਤੇ ਸਮੇਂ ਦੀ ਰਮਜ਼ ਮੁਤਾਬਕ ਸਾਰਥਕ ਹੈ|
ਪ੍ਰਧਾਨਗੀ ਸ਼ਬਦਾਂ ਰਾਹੀਂ ਡਾ. ਸੁਰਜੀਤ ਪਾਤਰ ਨੇ ਬਰਜਿੰਦਰ ਚੌਹਾਨ ਅਤੇ ਦਰਸ਼ਨ ਬੁੱਟਰ ਨੂੰ ਸਮਰੱਥ ਗ਼ਜ਼ਲਗੋ ਅਤੇ ਕਵੀ ਕਹਿ ਕੇ ਵਡਿਆਇਆ| ਉਨ੍ਹਾਂ ਕਿਹਾ ਕਿ ਨੌਜਵਾਨ ਕਵੀ ਜਗਦੀਪ ਸਿੱਧੂ ਨੇ ਆਪਣੇ ਵੱਖਰੇ ਅੰਦਾਜ਼ ਨਾਲ ਵੱਡੇ ਨੁਕਤੇ ਛੂੰਹਦੀਆਂ ਛੋਟੀਆਂ ਕਵਿਤਾਵਾਂ ਪੇਸ਼ ਕਰਕੇ ਆਪਣੀ ਭਰਵੀਂ ਹਾਜ਼ਰੀ ਲਵਾਈ ਹੈ ਅਤੇ ਉਸ ਤੋਂ ਭਵਿੱਖ ਵਿਚ ਹੋਰ ਚੰਗੇ ਸਾਹਿਤ ਦੀ ਉਮੀਦ ਕਰਦੇ ਹਾਂ|
ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਲਖਵਿੰਦਰ ਜੌਹਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਸ ਸਾਰਥਕ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਨੂੰ ਵੀ ਸਰਾਹਿਆ|
ਸਮਾਗਮ ਵਿੱਚ ਦਵਿੰਦਰ ਦਮਨ, ਜਸਵੰਤ ਦਮਨ, ਸਰੂਪ ਸਿਆਲਵੀ, ਡਾ. ਗੁਰਮੇਲ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਪ੍ਰਿੰ. ਸ਼ਿੰਦਰ ਪਾਲ ਸਿੰਘ, ਪ੍ਰੋ. ਅਜਮੇਰ ਸਿੰਘ, ਜੈਨਿੰਦਰ ਚੌਹਾਨ, ਪਰਸਰਾਮ ਬੱਧਣ, ਡਾ. ਦਵਿੰਦਰ ਬੋਹਾ, ਗੋਵਰਧਨ ਗੋਬੀ, ਖੁਸ਼ਵੰਤ ਬਰਗਾੜੀ, ਡਾ. ਕੁਲਦੀਪ ਪੁਰੀ, ਅਸ਼ਵਨੀ ਬਾਗੜੀਆਂ, ਦੀਪਤੀ ਬਬੂਟਾ, ਜੰਗ ਬਹਾਦੁਰ ਗੋਇਲ, ਤਾਰਨ ਗੁਜ਼ਰਾਲ, ਅਵਤਾਰ ਸਿੰਘ ਪਾਲ, ਪ੍ਰਿੰ. ਗੁਰਦੇਵ ਕੌਰ ਪਾਲ, ਹਰਵਿੰਦਰ ਸਿੰਘ, ਮਨਜੀਤ ਇੰਦਰਾ, ਡਾ. ਜਤਿੰਦਰ ਕੌਰ, ਡਾ. ਕਮਲਜੀਤ ਕੌਰ, ਗੁਰਪ੍ਰੀਤ ਧਰਮਕੋਟ, ਅਮਰਜੀਤ ਘੁੰਮਣ, ਸੰਮੀ ਸਾਮਰੀਆ, ਮੋਹਨ ਲਾਲ ਰਾਹੀ, ਅਜਾਇਬ ਔਜਲਾ, ਸੁਖਵਿੰਦਰ ਨਾਭਾ, ਗੌਰਵ ਚੋਪੜਾ, ਰਮਨ ਕਾਲੀਆ (ਨਾਭਾ), ਆਤਮ ਯਾਦ, ਐਸ ਸ਼ਿੰਦਰ, ਅਵਤਾਰ ਸਿੰਘ ਮਾਨ, ਮਲਕੀਅਤ ਬਸਰਾ, ਪ੍ਰੋ. ਦਿਲਬਾਗ ਸਿੰਘ, ਨਿੰਮੀ ਵਸ਼ਿਸ਼ਟ, ਅਮਰਜੀਤ ਕੌਰ ਹਿਰਦੇ, ਦਵਿੰਦਰ ਪ੍ਰੀਤ, ਹਰਸਿਮਰਨ ਕੌਰ, ਰਾਜਿੰਦਰ ਵਸ਼ਿਸ਼ਟ, ਉਸ਼ਾ ਕੰਵਰ, ਹਰਮਿੰਦਰ ਸਿੰਘ ਕਾਲੜਾ, ਆਰ.ਐਸ. ਫ਼ਰਾਜ, ਜਗਜੀਵ ਮੀਤ, ਸੰਜੀਵਨ ਸਿੰਘ, ਦੀਪਕ ਗਰਗ, ਜਸਪਾਲ ਸਿੰਘ ਅਤੇ ਜਗਰੂਪ ਸਿੰਘ ਝੂਨੀਰ ਸਮੇਤ 150 ਦੇ ਕਰੀਬ ਸਾਹਿਤਕਾਰਾਂ ਨੇ ਭਰਵੀਂ ਹਾਜ਼ਰੀ ਲਵਾਈ|

Leave a Reply

Your email address will not be published. Required fields are marked *